India

ਦਿੱਲੀ ਸਰਕਾਰ ਦਾ ਬੱਚਿਆਂ ਨੂੰ ਵੱਡਾ ਤੋਹਫ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਰਕਾਰ ਨੇ ਦਿੱਲੀ ਦੇ ਸੈਨਿਕ ਸਕੂਲ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਅਸੀਂ ਦਿੱਲੀ ਦੇ ਸੈਨਿਕ ਸਕੂਲ ਦਾ ਨਾਂ ਸ਼ਹੀਦ ਭਗਤ ਸਿੰਘ ਆਰਮਡ ਫੋਰਸਿਸ ਪ੍ਰੀਪੇਟਰੀ ਸਕੂਲ ਰੱਖਿਆ ਜਾਵੇਗਾ। ਇਸ ਸਕੂਲ ਵਿੱਚ ਸਭ ਕੁੱਝ ਮੁਫ਼ਤ ਹੋਵੇਗਾ। ਉੱਥੇ ਜਿੰਨੇ ਵੀ ਬੱਚੇ ਦਾਖ਼ਲਾ ਲੈਣਗੇ, ਉਨ੍ਹਾਂ ਨੂੰ ਉੱਥੇ ਹੀ ਹੋਸਟਲ ਵਿੱਚ ਰਹਿਣਾ ਹੋਵੇਗਾ। ਲੜਕਿਆਂ ਅਤੇ ਲੜਕੀਆਂ ਦਾ ਅਲੱਗ ਹੋਸਟਲ ਹੋਵੇਗਾ।

ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਦੇ ਝੜੌਦਾ ਕਲਾਂ ਪਿੰਡ ਵਿੱਚ 14 ਏਕੜ ਜ਼ਮੀਨ ਉੱਤੇ ਕੈਂਪਸ ਬਣਾਇਆ ਜਾ ਰਿਹਾ ਹੈ, ਜਿੱਥੇ ਇਹ ਸਕੂਲ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਬਣਾਇਆ ਜਾ ਰਿਹਾ ਹੈ। ਇਸ ਸਕੂਲ ਵਿੱਚ ਬੱਚਿਆਂ ਨੂੰ ਐੱਨਡੀਏ, ਨੇਵਲ ਅਕੈਡਮੀ ਅਤੇ ਦੂਜੀਆਂ ਆਰਮਡ ਸਰਵਿਸਾਂ ਦੇ ਲਈ ਤਿਆਰ ਕੀਤਾ ਜਾਵੇਗਾ। ਇੱਥੇ ਰਿਟਾਇਰਡ ਆਰਮੀ, ਨੇਵਲ ਅਤੇ ਏਅਰ ਫ਼ੋਰਸ ਅਧਿਕਾਰੀਆਂ ਨੂੰ ਟ੍ਰੇਨਿੰਗ ਲਈ ਨਿਯੁਕਤ ਕੀਤਾ ਜਾਵੇਗਾ। ਦਿੱਲੀ ਦਾ ਰਹਿਣ ਵਾਲਾ ਕੋਈ ਵੀ ਬੱਚਾ ਇਸ ਸਕੂਲ ਵਿੱਚ ਦਾਖ਼ਲਾ ਲੈ ਸਕਦਾ ਹੈ। ਇਸ ਵਿੱਚ 9ਵੀਂ ਅਤੇ 11ਵੀਂ ਕਲਾਸ ਲਈ ਦਾਖ਼ਲਾ ਹੋਵੇਗਾ। 9ਵੀਂ ਅਤੇ 11ਵੀਂ ਕਲਾਸਾਂ ਵਿੱਚ 100 ਸੀਟਾਂ ਹੋਣਗੀਆਂ। ਇਸ ਸਾਲ ਤੋਂ ਇਹ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਸਿਰਫ਼ 200 ਸੀਟਾਂ ਦੇ ਲਈ 18 ਹਜ਼ਾਰ ਐਪਲੀਕੇਸ਼ਨਾਂ ਆ ਚੁੱਕੀਆਂ ਹਨ।

ਕੇਜਰੀਵਾਲ ਨੇ ਕਿਹਾ ਕਿ 27 ਮਾਰਚ ਨੂੰ 9ਵੀਂ ਕਲਾਸ ਦੇ ਦਾਖਲੇ ਲਈ ਟੈਸਟ ਹੋ ਰਹੇ ਹਨ ਅਤੇ 28 ਮਾਰਚ ਨੂੰ 11ਵੀਂ ਕਲਾਸ ਦੇ ਦਾਖਲੇ ਲਈ ਟੈਸਟ ਹੋਣਗੇ। ਪਹਿਲੇ ਪੜਾਅ ਵਿੱਚ ਲਿਖਤੀ ਟੈਸਟ ਹੋਵੇਗਾ ਅਤੇ ਦੂਜੇ ਪੜਾਅ ਵਿੱਚ ਇੰਟਰਵਿਊ ਲਏ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਇਹ ਦਿੱਲੀ ਵਾਸੀਆਂ ਦਾ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਦਾ ਇੱਕ ਤਰੀਕਾ ਹੈ। ਕੇਜਰੀਵਾਲ ਨੇ ਦੱਸਿਆ ਕਿ 20 ਦਸੰਬਰ 2021 ਨੂੰ ਅਸੀਂ ਕੈਬਨਿਟ ਵਿੱਚ ਫੈਸਲਾ ਕੀਤਾ ਸੀ ਕਿ ਅਸੀਂ ਦਿੱਲੀ ਵਿੱਚ ਇੱਕ ਇਸ ਤਰ੍ਹਾਂ ਦਾ ਸਕੂਲ ਬਣਾਵਾਂਗੇ, ਜਿੱਥੇ ਬੱਚਿਆਂ ਨੂੰ ਫ਼ੌਜ ਵਿੱਚ ਭਰਤੀ ਹੋਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਐੱਨਡੀਏ, ਨੇਵੀ, ਏਅਰ ਫ਼ੋਰਸ ਵਿੱਚ ਭਰਤੀ ਹੋ ਸਕਣ।