‘ਦ ਖ਼ਾਲਸ ਬਿਊਰੋ : ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦਿਆਂ ਕੇਜਰੀਵਾਲ ਨੂੰ ਸਿੱਖ ਅਤੇ ਪੰਜਾਬ ਵਿਰੋਧੀ ਕਰਾਰ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਹੈ ਕਿ ਦਿੱਲੀ ਤੋਂ ਆਉਂਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਦਾ ਨੁਕਸਾਨ ਕੀਤਾ ਹੈ। ਗੁਰੂ ਸਾਹਿਬਾਨ ਨੇ ਸਿੱਖ ਪੰਥ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਦੋਂ ਵੀ ਦਿੱਲੀ ਵਾਲਿਆਂ ਨੇ ਹੀ ਪੰਜਾਬ ਨੂੰ ਆਣ ਦਿੱਤਾ ਸੀ।
ਹਰਸਿਮਰਤ ਨੇ ਕਿਹਾ ਕਿ ਦਿੱਲੀ ਦੀ ਇੱਕ ਹੋਰ ਸਰਕਾਰ ਪੰਜਾਬੀਆਂ ਦੀ ਰਾਖੀ ਲਈ ਉਨ੍ਹਾਂ ਦੇ ਹੱਥਾਂ ਵਿੱਚ ਫੜੀਆਂ ਤਲਵਾਰਾਂ ਖੋਹ ਕੇ ਹੱਥਾਂ ਵਿੱਚ ਝਾੜੂ ਫੜਾਉਣਾ ਚਾਹੁੰਦੀ ਹੈ। ਹਰਸਿਮਰਤ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਅਤੇ ਸਿੱਖ ਵਿਰੋਧੀ ਹੈ। ਉਹ ਅਦਾਲਤ ਵਿੱਚ ਹਲਫੀਆ ਬਿਆਨ ਦੇ ਕੇ ਪੰਜਾਬ ਖਿਲਾਫ ਲੜਾਈ ਲੜ ਰਹੇ ਹਨ। ਪੰਜਾਬ ਦਾ ਪਾਣੀ ਖੋਹ ਕੇ ਥਰਮਲ ਪਲਾਂਟ ਬੰਦ ਕਰਵਾਉਣਾ ਚਾਹੁੰਦੇ ਹਨ। ਕਿਸਾਨਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਹਨ। ਦਵਿੰਦਰ ਪਾਲ ਭੁੱਲਰ ਦੀ ਰਿਹਾਈ ‘ਤੇ ਵਾਰ-ਵਾਰ ਰੋਕ ਲਾਉਣ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੇਜਰੀਵਾਲ ਸਿੱਖ ਵਿਰੋਧੀ ਹੈ। ਅੱਜ ਤੱਕ ਉਨ੍ਹਾਂ ਨੇ ਆਪਣੀ ਪਾਰਟੀ ਵਿੱਚ ਕਿਸੇ ਸਿੱਖ ਨੂੰ ਮੰਤਰੀ ਨਹੀਂ ਬਣਾਇਆ, ਕਿਸੇ ਪਾਰਟੀ ਦਾ ਚੇਅਰਮੈਨ ਵੀ ਨਹੀਂ ਬਣਾਇਆ।