‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਕੇਂਦਰ ਸਰਕਾਰ ਵਲੋਂ ਬਣਾਈ ਐਮਐਸਪੀ ਕਮੇਟੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀ ਭਾਜਪਾ ਦੀ ਖੇਤੀਬਾੜੀ ਲਈ ਛੋਟੀ ਮਾਨਸਿਕਤਾ ਦੀ ਤਾਜ਼ਾ ਉਦਾਹਰਣ ਹੈ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਨੂੰ ਜਾਣ ਬੁੱਝ ਕੇ ਬਾਹਰ ਰੱਖ ਕੇ ਕੇਂਦਰ ਸਰਕਾਰ ਨੇ ਸਾਡੇ ਲੋਕਾਂ ਦਾ ਅਪਮਾਨ ਕੀਤਾ ਹੈ।ਪੰਜਾਬ ਨੂੰ MSP ਕਮੇਟੀ ਤੋਂ ਬਾਹਰ ਰੱਖਣ ਦੇ ਮੁੱਦੇ ‘ਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ‘ਚ Suspension Notice ਦਾਇਰ ਕੀਤਾ ਹੈ।
ਰਾਘਵ ਚੱਢਾ ਨੇ ਟਵੀਟ ਕਰਦੇ ਲਿਖਿਆ ਕਿ ਘੱਟੋ-ਘੱਟ ਸਮਰਥਨ ਮੁੱਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੇਂਦਰ ਸਰਕਾਰ ਦੀ ਕਮੇਟੀ ਖੇਤੀਬਾੜੀ ‘ਤੇ ਬੀਜੇਪੀ ਦੀ ਬੇਤੁਕੀ ਅਤੇ ਛੋਟੀ ਮਾਨਸਿਕਤਾ ਦੀ ਤਾਜ਼ਾ ਉਦਾਹਰਣ ਹੈ, ਕਿਉਂਕਿ ਵਿਨਾਸ਼ਕਾਰੀ ਵਿਵਸਥਾ ਕੋਈ ਸਬਕ ਨਹੀਂ ਸਿੱਖਦੀ। ਪੰਜਾਬ ਨੂੰ ਜਾਣ ਬੁੱਝ ਕੇ ਬਾਹਰ ਰੱਖ ਕੇ ਕੇਂਦਰ ਸਰਕਾਰ ਨੇ ਸਾਡੇ ਲੋਕਾਂ ਦਾ ਅਪਮਾਨ ਕੀਤਾ ਹੈ।
ਕੇਂਦਰ ਵੱਲੋਂ ਐੱਮਐੱਸਪੀ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਕਮੇਟੀ ਬਣਾਈ ਗਈ ਹੈ। ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ ਇਸ ਬਹੁ-ਚਰਚਿਤ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਰਮੇਸ਼ ਚੰਦ ਨੀਤੀ ਆਯੋਗ ਦੀ ਤਰਫੋਂ ਇਸ ਦੇ ਮੈਂਬਰ ਹੋਣਗੇ ਉੱਥੇ ਹੀ ਪੰਜਾਬ ਨੂੰ ਕਮੇਟੀ ‘ਚੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ ਕਮੇਟੀ ਵਿੱਚ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਤਿੰਨ ਮੈਂਬਰ ਵੀ ਸ਼ਾਮਲ ਹੋਣਗੇ। SKM ਵੱਲੋਂ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਨਾਂ ਜੋੜ ਦਿੱਤੇ ਜਾਣਗੇ। ਜਦਕਿ ਕਿਸਾਨਾਂ ਨੇ ਇਸ ਕਮੇਟੀ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਹ ਕਮੇਟੀ ਸਿਰਫ ਸੁਝਾਅ ਦੇਣ ਤੱਕ ਹੀ ਸੀਮਤ ਹੋਵੇਗੀ।