The Khalas Tv Blog India ਲਗਾਤਾਰ ਵੱਧ ਰਹੇ ਤਾਪਮਾਨ ਤੇ ਪੈ ਰਹੀ ਗਰਮੀ ਤੋਂ ਬਚਣ ਲਈ ਰੱਖੋ ਆਹ ਗੱਲਾਂ ਦਾ ਧਿਆਨ
India Punjab

ਲਗਾਤਾਰ ਵੱਧ ਰਹੇ ਤਾਪਮਾਨ ਤੇ ਪੈ ਰਹੀ ਗਰਮੀ ਤੋਂ ਬਚਣ ਲਈ ਰੱਖੋ ਆਹ ਗੱਲਾਂ ਦਾ ਧਿਆਨ

ਚੰਡੀਗੜ੍ਹ  : ਪੰਜਾਬ ਸਣੇ ਸਾਰੇ ਉੱਤਰੀ ਭਾਰਤ ਵਿੱਚ ਇਸ ਵੇਲੇ ਪੈ ਰਹੀ ਗਰਮੀ ਨੇ ਲੋਕਾਂ ਦਾ ਜੀਉਣਾ ਮੁਹਾਲ ਕਰ ਦਿੱਤਾ ਹੈ।ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਤਾਪਮਾਨ ਵਿੱਚ ਵਾਧਾ ਹੋਵੇਗਾ ਤੇ  ਗਰਮੀ ਹੋਰ ਵਧਣ ਦੀ ਸੰਭਾਵਨਾ ਹੈ।ਬੀਤੀ ਕੱਲ ਵੀ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਮੌਸਮ ਕਾਫੀ ਗਰਮ ਰਿਹਾ ਹੈ ਤੇ ਅੱਜ ਵੀ ਇਸ ਦੇ ਇਸੇ ਤਰਾਂ ਰਹਿਣ ਦੀ ਸੰਭਾਵਨਾ ਹੈ ਪਰ ਮੌਸਮ ਵਿਭਾਗ ਦੀ ਮੰਨੀ ਜਾਵੇ ਤਾਂ 18 ਤੋਂ 20 ਅਪ੍ਰੈਲ ਤੱਕ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 18-19 ਅਪ੍ਰੈਲ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਹਨਾਂ ਸਾਰੇ ਇਲਾਕਿਆਂ ਵਿੱਚ ਕੁਝ ਥਾਵਾਂ ’ਤੇ ਗੜੇਮਾਰੀ ਵੀ ਹੋ ਸਕਦੀ ਹੈ।

ਜੇਕਰ ਗੱਲ ਪੰਜਾਬੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਕੀਤੀ ਜਾਵੇ ਤਾਂ ਪ੍ਰਸ਼ਾਸਨ ਨੇ ਮੌਜੂਦਾ ਗਰਮੀ ਦੇ ਹਾਲਾਤਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਸਿਹਤ ਸਲਾਹ ਜਾਰੀ ਕੀਤੀ ਹੈ ਤੇ ਗਰਮੀ ਦੇ ਸਿੱਧੇ ਸੰਪਰਕ ਤੋਂ ਬਚਣ ਲਈ ਕਿਹਾ ਹੈ ।

ਜਾਰੀ ਕੀਤੀ ADVISORY ਮੁਤਾਬਕ ਸੂਰਜ ਦੇ ਸਿੱਧੇ ਸੰਪਰਕ ਤੋਂ ਬਚਣ ਤੇ ਚੰਗੀ ਹਵਾਦਾਰ ਅਤੇ ਠੰਢੀਆਂ ਥਾਵਾਂ ‘ਤੇ ਘਰ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ। ਜੇਕਰ ਕਿਸੇ ਕਾਰਨ ਘਰੋਂ ਨਿਕਲਣਾ ਵੀ ਪੈ ਰਿਹਾ ਹੈ ਤਾਂ ਧੁੱਪ ਵਿਚ ਜਾਣ ਵੇਲੇ ਸਿਰ ਨੂੰ ਛੱਤਰੀ ਜਾ ਕੱਪੜੇ ਨਾਲ ਢੱਕੋ ਤੇ ਜੁੱਤੀਆਂ ਅਤੇ ਚਸ਼ਮੇ ਦੀ ਵਰਤੋਂ ਕਰੋ।ਹਲਕੇ ਰੰਗ ਦੇ ਅਤੇ ਢਿੱਲੇ-ਢਾਲੇ ਸੂਤੀ ਕੱਪੜਿਆਂ ਨੂੰ ਤਰਜ਼ੀਹ ਦਿੱਤੀ ਜਾਵੇ।

ਸਿੱਧੀ ਧੁੱਪ ਅਤੇ ਗਰਮੀ ਤੋਂ ਬਚਣ ਲਈ ਦਿਨ ਵੇਲੇ ਖਿੜਕੀਆਂ ਅਤੇ ਪਰਦੇ ਬੰਦ ਰੱਖੋ, ਖਾਸ ਕਰਕੇ ਆਪਣੇ ਘਰ ਦੇ ਧੁੱਪ ਵਾਲੇ ਪਾਸੇ। ਠੰਢੀ ਹਵਾ ਨੂੰ ਅੰਦਰ ਜਾਣ ਦੇਣ ਲਈ ਰਾਤ ਨੂੰ ਉਹਨਾਂ ਨੂੰ ਖੋਲ੍ਹੋ।

ਸ਼ਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਉ। ਥੋੜੇ ਥੋੜੇ ਸਮੇਂ ਦੇ ਅੰਤਰਾਲ ‘ਤੇ ਤਰਲ ਪਦਾਰਥ ਲੈਂਦੇ ਰਹੋ। ਪਾਣੀ, ਨਿੰਬੂ ਦਾ ਰਸ (ਨਿੰਬੂਪਾਣੀ), ਲੱਸੀ, ਜਲ-ਜੀਰਾ, ਆਮ-ਪੰਨਾ, ਨਾਰੀਅਲ ਪਾਣੀ ਜਾਂ ਹੋਰ ਸਥਾਨਕ ਤੌਰ ‘ਤੇ ਉਪਲਬਧ ਕੁਦਰਤੀ ਪੀਣ ਵਾਲੇ ਪਦਾਰਥ ਲਓ ਪਰ ਅਲਕੋਹਲ ਵਾਲੇ ਤਰਲ ਪਦਾਰਥਾਂ ਤੋਂ ਬਚੋ। ਇਸ ਤੋਂ ਇਲਾਵਾ ਕੈਫੀਨ ਵਾਲੇ ਜਾਂ ਸਾਫਟ ਡਰਿੰਕਸ ਜਿਵੇਂ ਕੋਲਾ ਜਾਂ ਵੱਡੀ ਮਾਤਰਾ ਵਿੱਚ ਖੰਡ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਰੱਖਣਾ ਜ਼ਰੂਰੀ ਹੈ ਕਿਉਂਕਿ ਇਹ ਅਸਲ ਵਿੱਚ ਸਰੀਰ ਦੇ ਵਧੇਰੇ ਤਰਲ ਦੀ ਕਮੀ ਦਾ ਕਾਰਨ ਬਣਦੇ ਹਨ ਜਾਂ ਪੇਟ ਗੜਬੜੀ ਪੈਦਾ ਕਰ ਸਕਦੇ ਹਨ।

ਤਰਬੂਜ, ਖਰਬੂਜ਼ਾ, ਖੀਰਾ, ਅਨਾਨਾਸ, ਸੰਤਰਾ, ਅੰਗੂਰ, ਸਲਾਦ ਜਾਂ ਹੋਰ ਸਥਾਨਕ ਤੌਰ ‘ਤੇ ਉਪਲਬਧ ਫਲ ਅਤੇ ਸਬਜ਼ੀਆਂ ਖਾਉ ਕਿਉਂਕਿ ਇਹਨਾਂ ਵਿੱਚ ਪਾਣੀ ਦੀ ਕਾਫੀ ਮਾਤਰਾ ਹੁੰਦੀ ਹੈ।

Exit mobile version