‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਸ਼ਮੀਰ ਵਿੱਚ ਸਿੱਖ ਕੁੜੀ ਦੇ ਧਰਮ ਪਰਿਵਰਤਨ ਮਾਮਲੇ ਨੂੰ ਲੈ ਕੇ ਕਸ਼ਮੀਰੀ ਵਿਦਿਆਰਥੀ ਸੰਗਠਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜੰਮੂ ਬੀਜੇਪੀ ਪ੍ਰਧਾਨ ਦੇ ਖਿਲਾਫ ਅਦਾਲਤ ਪਹੁੰਚਿਆ ਹੈ ਅਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸੰਗਠਨ ਨੇ ਇਨ੍ਹਾਂ ‘ਤੇ ਹਿੰਦੂ-ਮੁਸਲਿਮ ਭਾਈਚਾਰੇ ਵਿੱਚ ਨਫਰਤ ਪੈਦਾ ਕਰਨ ਦੇ ਦੋਸ਼ ਲਾਏ ਹਨ।
ਮਨਜਿੰਦਰ ਸਿੰਘ ਸਿਰਸਾ ਨੇ ਇਸਦਾ ਜਵਾਬ ਦਿੰਦਿਆਂ ਕਿਹਾ ਕਿ ‘ਮੈਂ ਇਹ ਮੁੱਦਾ ਨਹੀਂ ਚੁੱਕਿਆ ਸੀ, ਇਹ ਮੁੱਦਾ ਕਸ਼ਮੀਰ ਦੇ ਸਿੱਖਾਂ ਨੇ ਚੁੱਕਿਆ ਸੀ ਅਤੇ ਮੈਂ ਉਨ੍ਹਾਂ ਦਾ ਸਾਥ ਦਿੱਤਾ ਸੀ ਅਤੇ ਮੈਂ ਹਾਲੇ ਵੀ ਬਿਲਕੁਲ ਡਟ ਕੇ ਉਨ੍ਹਾਂ ਦੇ ਨਾਲ ਖੜ੍ਹਾ ਹਾਂ। ਆਪਣੀਆਂ ਧੀਆਂ ਵਾਸਤੇ ਖੜ੍ਹਾ ਹੋਣ ‘ਤੇ ਜੇਕਰ ਕਿਸੇ ਨੂੰ ਮੇਰੇ ਤੋਂ ਤਕਲੀਫ ਹੈ ਤਾਂ ਉਸਨੂੰ ਰਹੇ ਪਰ ਮੈਂ ਪਿੱਛੇ ਨਹੀਂ ਹਟਾਂਗਾ। ਹਰ ਸਿੱਖ ਦਾ ਇਹ ਫਰਜ਼ ਹੈ ਕਿ ਉਹ ਆਪਣੇ ਪਰਿਵਾਰ ਨਾਲ ਜਾ ਕੇ ਖੜ੍ਹਾ ਹੋਵੇ। ਨਫਰਤ ਤਾਂ ਇਹ ਲੋਕ ਫੈਲਾਅ ਰਹੇ ਹਨ, ਜੋ ਲੋਕਾਂ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਨਹੀਂ ਸਮਝਦੇ। ਚੰਗੀ ਗੱਲ ਹੈ ਕਿ ਇਹ ਕੋਰਟ ਜਾਣ ਅਤੇ ਕੋਰਟ ਤੋਂ ਜਵਾਬ ਲੈ ਕੇ ਆ ਕੇ ਲੋਕਾਂ ਨੂੰ ਦੱਸਣ ਕਿ ਕੋਰਟ ਨੇ ਉਨ੍ਹਾਂ ਨੂੰ ਕੀ ਕਿਹਾ ਹੈ। ਇਸ ਤਰ੍ਹਾਂ ਮੁਕੱਦਮੇ ਦਰਜ ਕਰਕੇ ਇਹ ਸਾਨੂੰ ਡਰਾ ਨਹੀਂ ਸਕਦੇ’।