ਬਿਉਰੋ ਰਿਪੋਰਟ : ਪਿੰਡਾਂ ਵਿੱਚ ਪੜਾਈ ਦਾ ਪੱਧਰ ਹੁਣ ਚੰਗਾ ਹੋਣ ਦੀ ਵਜ੍ਹਾ ਕਰਕੇ ਕੁੜੀਆਂ ਵੱਧ ਤੋਂ ਵੱਧ ਪੜ ਰਹੀਆਂ ਹਨ ਇਹ ਚੰਗੀ ਗੱਲ ਹੈ ਪਰ ਇਸ ਦੇ ਨਾਲ ਉਨ੍ਹਾਂ ਦੀ ਆਪਣੇ ਜੀਵਨ ਸਾਥੀ ਨੂੰ ਲੈਕੇ ਸੋਚ ਵੀ ਬਦਲ ਰਹੀ ਹੈ । ਜ਼ਿਆਦਾਤਰ ਕੁੜੀਆਂ ਹੁਣ ਸ਼ਹਿਰਾਂ ਵਿੱਚ ਵਿਆਹ ਕਰਨਾ ਚਾਉਂਦੀਆਂ ਹਨ । ਮਾਪਿਆਂ ਵੀ ਧੀ ਦੀ ਖੁਸ਼ੀ ਨੂੰ ਪਹਿਲ ਦੇ ਰਹੇ ਹਨ । ਪਰ ਇਨ੍ਹਾਂ ਲਾੜਿਆਂ ਨੂੰ ਹੁਣ ਰੱਬ ਦਾ ਹੀ ਆਸਰਾ ਹੈ ਇਸੇ ਲਈ 200 ਦੇ ਕਰੀਬ ਲਾੜਿਆਂ ਨੇ 105 ਕਿਲੋਮੀਟਰ ਪੈਦਲ ਯਾਤਰਾ ਕਰਕੇ ਰੱਬ ਦੇ ਦਰਬਾਰ ਵਿੱਚ ਹੀ ਨੱਕ ਰਗੜਨ ਦਾ ਫੈਸਲਾ ਲਿਆ ਹੈ ।
200 ਲਾੜਿਆਂ ਦਾ ਦਰਦ ਹੈ ਕਰਨਾਟਕਾ ਦੇ ਮਦੁਰ ਤਾਲੁਕਾ ਦੇ ਕਿਸਾਨਾਂ ਦਾ ਜਿੰਨਾਂ ਦਾ ਵਿਆਹ ਸਿਰਫ ਇਸ ਲਈ ਨਹੀਂ ਹੋ ਰਿਹਾ ਹੈ ਕਿਉਂਕਿ ਕਿਸਾਨ ਦੇ ਪਰਿਵਾਰ ਨਾਲ ਸਬੰਧ ਰੱਖ ਦੇ ਹਨ । ਡੀਪੀ ਮਲੇਸ਼ ਵੀ ਉਸ ਕਿਸਾਨ ਪਰਿਵਾਰ ਵਿੱਚੋਂ ਇੱਕ ਹੈ । ਉਸ ਨੇ ਦੱਸਿਆ ਕਿ ਉਸ ਦੇ ਪਿੰਡ ਵਿੱਚ ਕੁੜੀਆਂ ਸਿਰਫ਼ ਸ਼ਹਿਰੀ ਮੁੰਡੇ ਨਾਲ ਹੀ ਵਿਆਹ ਕਰਵਾਉਣਾ ਚਾਉਂਦੀਆਂ ਹਨ ਜੋ ਬੈਂਗਲੁਰੂ ਵਰਗੇ ਵੱਡੇ ਸ਼ਹਿਰ ਵਿੱਚ ਰਹਿੰਦਾ ਹੋਵੇ। ਉਸ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਵਿਆਹ ਕਰਵਾਉਣ ਦੇ ਲਈ ਕੁੜੀ ਦੀ ਤਲਾਸ਼ ਕਰ ਰਿਹਾ ਹੈ । ਕਈ ਵਾਰ ਕੁੜੀਆਂ ਦੇ ਨਾਲ ਉਸ ਦੇ ਵਿਆਹ ਦੀ ਗੱਲ ਹੋਈ ਪਰ ਹਰ ਵਾਰ ਕੁੜੀ ਨੇ ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਉਹ ਸਿਰਫ਼ ਸ਼ਹਿਰੀ ਮੁੰਡੇ ਨਾਲ ਹੀ ਵਿਆਹ ਕਰੇਗੀ,ਉਹ ਕਿਸਾਨ ਨਾਲ ਵਿਆਹ ਨਹੀਂ ਕਰ ਸਕਦੀ ਹੈ । ਮਲੇਸ਼ ਹੁਣ 23 ਫਰਵਰੀ ਨੂੰ ਉਸ ਪੈਦਲ ਯਾਤਰਾ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਹੈ ਜੋ ਮਦੁਰ ਤਾਲੁਕਾ ਦੇ ਪਿੰਡ ਤੋਂ ਸ਼ੁਰੂ ਹੋਵੇਗੀ । 25 ਫਰਵਰੀ ਨੂੰ ਮਹਾਦੇਸ਼ਵਰ ਮੰਦਰ ਤੱਕ ਪਹੁੰਚਣ ਦੇ ਲਈ 3 ਦਿਨ ਲੱਗਣਗੇ । ਇਸ ਯਾਤਰਾ ਦਾ ਹਿੱਸਾ ਬਣਨ ਦੇ ਲਈ 200 ਲਾੜਿਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ । ਯਾਤਰਾ ਦੇ ਪ੍ਰਬੰਧਕ ਕੇ.ਐੱਸ ਸ਼ਿਵ ਪ੍ਰਸਾਦ ਨੇ ਦੱਸਿਆ ਕਿ 105 ਕਿਲੋਮੀਟਰ ਯਾਤਰਾ ਦਾ ਖਿਆਲ ਉਸ ਵੇਲੇ ਆਇਆ ਜਦੋਂ ਸਾਰੇ ਕੁਆਰਿਆਂ ਦਾ ਇੱਕ ਗਰੁੱਪ ਬਣਿਆ ਅਤੇ ਸਾਰੀਆਂ ਨੇ ਮਿਲ ਕੇ ਰੱਬ ਤੋਂ ਵਿਆਹ ਦੇ ਲਈ ਮਦਦ ਮੰਗੀ ।
ਗਰੁੱਪ ਨੇ ਇਸ ਯਾਤਰਾ ਦੇ ਬਾਰੇ ਸੋਸ਼ਲ ਮੀਡੀਆ ‘ਤੇ ਇੱਕ ਇਸ਼ਤਿਆਰ ਦਿੱਤਾ ਸੀ ਜਿਸ ਤੋਂ ਬਾਅਦ ਗੁਆਂਢੀ ਜ਼ਿਲ੍ਹੇ ਮੈਸੂਰ,ਸ਼ਿਵਮੋਗਾ ਅਤੇ ਚਾਮਰਾਜਨਗਰ ਤੋਂ ਵੱਡੀ ਗਿਣਤੀ ਵਿੱਚ ਕੁਆਰਿਆਂ ਨੇ ਅਰਜ਼ੀ ਦੇਣੀ ਸ਼ੁਰੂ ਕੀਤੀ । ਤਕਰੀਬਨ 300 ਨੌਜਵਾਨਾਂ ਨੇ ਯਾਤਰਾ ਦੇ ਲਈ ਅਰਜ਼ੀ ਦਿੱਤੀ ਸੀ ਅਤੇ ਹੁਣ ਤਕਰੀਬਨ 210 ਲੋਕਾਂ ਨੇ ਯਾਤਰਾ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ । ਸਿਵ ਪ੍ਰਸਾਦ ਨੇ ਦੱਸਿਆ ਕਿ ਮਦੁਰ ਦੀ ਰਹਿਣ ਵਾਲੀਆਂ ਕੁੜੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਲੱਗਦਾ ਹੈ ਕਿ ਕਿਸਾਨ ਦੀ ਆਮਦਨ ਕਾਫੀ ਘੱਟ ਹੁੰਦੀ ਹੈ । ਇਸੇ ਲਈ ਉਹ ਚਾਉਂਦੇ ਹਨ ਕਿ ਕੁੜੀ ਦਾ ਵਿਆਹ ਸ਼ਹਿਰ ਵਿੱਚ ਕੀਤਾ ਜਾਵੇ।
ਸਾਰੇ ਕੁਆਰਿਆਂ ਦੀ ਉਮਰ 30 ਤੋਂ ਜ਼ਿਆਦਾ
ਸ਼ਿਵ ਪ੍ਰਸਾਦ ਅਤੇ ਉਨ੍ਹਾਂ ਦੇ ਦੋਸਤਾਂ ਦੀ ਉਮਰ 30 ਸਾਲ ਤੋਂ ਜ਼ਿਆਦਾ ਹੋ ਗਈ ਹੈ । ਇਨ੍ਹਾਂ ਲੋਕਾਂ ਨੇ ਇੱਕ ਪੁਰਾਣੇ ਪਵਿੱਤਰ ਮੰਦਰ ਵਿੱਚ ਮਹਾਦੇਸ਼ਵ ਤੋਂ ਅਸ਼ੀਰਵਾਦ ਲੈਣ ਦੇ ਲਈ ਇਕੱਠੇ ਜਾਣ ਦਾ ਫੈਸਲਾ ਕੀਤਾ ਹੈ । ਇਹ ਮੰਦਰ ਕਰਨਾਟਕਾ ਦਾ ਮਸ਼ਹੂਰ ਮੰਦਰ ਹੈ । ਮੰਨਿਆ ਜਾਂਦਾ ਹੈ ਕਿ ਸੰਤ ਮਹਾਦੇਸ਼ਵਰ 14ਵੀਂ ਅਤੇ 15ਵੀਂ ਸ਼ਤਾਬਦੀ ਦੇ ਵਿਚਾਲੇ ਇੱਥੇ ਰਹੇ ਸਨ । ਹੁਣ ਸਾਰੇ ਲਾੜੇ ਵਿਆਹ ਦੇ ਲਈ ਇੱਥੇ ਜਾਕੇ ਨੱਕ ਰਗੜਨਗੇ ਤਾਂਕੀ ਉਨ੍ਹਾਂ ਦਾ ਵਿਆਹ ਜਲਦ ਤੋਂ ਜਲਦ ਹੋ ਸਕੇ ਅਤੇ ਕੁੜੀਆਂ ਦੀ ਕਿਸਾਨਾਂ ਦੇ ਪ੍ਰਤੀ ਸੋਚ ਬਦਲ ਸਕੇ।