‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਆਜ਼ਾਦੀ ਲਈ ਬਹੁਤ ਸਾਰੇ ਸਿਰਲੱਥ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਜਦੋਂ ਵੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਦੀ ਗੱਲ ਚੱਲਦੀ ਹੈ ਤਾਂ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਵਰਗੇ ਪੰਜਾਬੀ ਨੌਜਵਾਨਾਂ ਦਾ ਨਾਂ ਬੜੇ ਫ਼ਖਰ ਅਤੇ ਗੌਰਵ ਦੇ ਨਾਲ ਲਿਆ ਜਾਂਦਾ ਹੈ। ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ, 1896 ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਮਾਤਾ ਸਾਹਿਬ ਕੌਰ ਅਤੇ ਪਿਤਾ ਮੰਗਲ ਸਿੰਘ ਦੇ ਘਰ ਹੋਇਆ।
ਬਚਪਨ ਵਿੱਚ ਹੀ ਮਾਤਾ-ਪਿਤਾ ਦਾ ਦੇਹਾਂਤ ਹੋਣ ਕਾਰਨ ਕਰਤਾਰ ਸਿੰਘ ਅਤੇ ਉਸਦੀ ਭੈਣ ਧੰਨ ਕੌਰ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਦਾਦਾ ਬਚਨ ਸਿੰਘ ਨੇ ਕੀਤਾ। ਕਰਤਾਰ ਸਿੰਘ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਅੱਵਲ ਰਹਿ ਕੇ ਪ੍ਰਾਪਤ ਕੀਤੀ ਅਤੇ ਮੈਟ੍ਰਿਕ ਉੜੀਸਾ ਤੋਂ ਪਾਸ ਕੀਤੀ। ਪੰਦਰਾਂ ਸਾਲ ਦੀ ਉਮਰ ‘ਚ ਉੜੀਸਾ ਦੇ ਰੇਵਨਸ਼ਾ ਕਾਲਜ ਤੋਂ ਗਿਆਰਵੀਂ ਪਾਸ ਕੀਤੀ।
ਕਰਤਾਰ ਸਿੰਘ ਪੜ੍ਹਾਈ ਵਿੱਚ ਸ਼ੁਰੂ ਤੋਂ ਬਹੁਤ ਹੁਸ਼ਿਆਰ ਸੀ। ਉਸ ਦੇ ਦਾਦਾ ਜੀ ਉਸ ਨੂੰ ਉੱਚੇ ਅਹੁਦੇ ‘ਤੇ ਵੇਖਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਉਚੇਰੀ ਪੜ੍ਹਾਈ ਲਈ ਉਸ ਨੂੰ ਅਮਰੀਕਾ ਭੇਜ ਦਿੱਤਾ। ਉੱਥੇ ਉਸ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਸ ਸਮੇਂ ਅਮਰੀਕਾ ਅਤੇ ਕੈਨੇਡਾ ਵਿੱਚ ਚੋਖੀ ਗਿਣਤੀ ਵਿੱਚ ਹਿੰਦੁਸਤਾਨੀ ਤੇ ਖ਼ਾਸ ਕਰਕੇ ਸਿੱਖ ਪਹੁੰਚ ਚੁੱਕੇ ਸਨ। ਗ਼ਦਰ ਲਹਿਰ ਦਾ ਮੁੱਢ ਬੱਝ ਰਿਹਾ ਸੀ। ਦੇਸ਼ ਵਿੱਚ ਭਾਰਤੀਆਂ ਨਾਲ ਹੁੰਦੇ ਵਿਤਕਰੇ ਨੂੰ ਦੇਖ ਕੇ ਉਸ ਦੀ ਰੂਹ ਕੁਰਲਾ ਉੱਠੀ ਤੇ ਉਹ ਦਿਨ ਰਾਤ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਲੈਣ ਲੱਗਾ।
ਅਮਰੀਕਾ ਵਿੱਚ ਵੱਸਦੇ ਹਿੰਦੁਸਤਾਨੀਆਂ ਨੇ 1913 ਈ. ਵਿੱਚ ਗ਼ਦਰ ਨਾਂਅ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਸੋਹਣ ਸਿੰਘ ਭਕਨਾ ਨੂੰ ਮਿਲਿਆ ਤੇ ਇਸ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਇਸ ਪਾਰਟੀ ਵਿੱਚ ਬਹੁਤ ਜਲਦੀ ਹਰਮਨ-ਪਿਆਰਾ ਹੋ ਗਿਆ। ਇਸ ਪਾਰਟੀ ਦਾ ਕੇਂਦਰ ਸਾਨ ਫ਼ਰਾਂਸਿਸਕੋ ਬਣਾਇਆ ਗਿਆ ਅਤੇ ਇਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਪ੍ਰਚਾਰ-ਹਿੱਤ (ਉਰਦੂ ਤੇ ਪੰਜਾਬੀ) ਗ਼ਦਰ ਨਾਂਅ ਹੇਠ ਹਫ਼ਤਾਵਾਰ ਅਖ਼ਬਾਰ ਕੱਢਿਆ।
ਹਿੰਦੁਸਤਾਨ ਸਰਕਾਰ ਦੇ ਖੁਫੀਆ ਮਹਿਕਮੇ ਦੇ ਡਾਇਰੈਕਟਰ ਨੇ ‘ਹਿੰਦੁਸਤਾਨ ਦੀ ਵਰਤਮਾਨ ਰਾਜਸੀ ਹਾਲਤ’ ਬਾਰੇ 14 ਮਈ, 1914 ਨੂੰ ਹਿੰਦੁਸਤਾਨ ਸਰਕਾਰ ਵੱਲ ਭੇਜੀ ਰਿਪੋਰਟ ਵਿੱਚ ਉਸ ਦਾ ਜ਼ਿਕਰ ਕੀਤਾ। ਇਸ ਅਖ਼ਬਾਰ ਨੂੰ ਲਿਖਣ ਅਤੇ ਪ੍ਰਕਾਸਿਤ ਕਰਨ ਲਈ ਕਮੇਟੀ ਦੇ ਮੁਖੀ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਤੇ ਸ੍ਰੀ ਰਘੁਬਰ ਦਿਆਲ ਗੁਪਤਾ ਸਨ। ਸਰਾਭਾ ਦੀਆਂ ਦੇਸ਼ ਪ੍ਰੇਮ ਦੀਆਂ ਉਚੇਰੀਆਂ ਭਾਵਨਾਵਾਂ ਨੂੰ ਦੇਖਦਿਆਂ ਗ਼ਦਰ ਪਾਰਟੀ ਨੇ ਕੈਲੀਫ਼ੋਰਨੀਆ ਵਿੱਚ ਇੱਕ ਮੀਟਿੰਗ ਕਰਕੇ ਉਸ ਨੂੰ ਪ੍ਰਬੰਧਕ ਕਮੇਟੀ ਮੈਂਬਰ ਚੁਣਿਆ।
ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੇ ਭਾਰਤ ਉੱਤੇ ਕਾਬਜ਼ ਬਰਤਾਨਵੀ ਹਕੂਮਤ ਨੂੰ ਉਖਾੜ ਸੁੱਟਣ ਲਈ ਅਮਰੀਕਾ ਅਤੇ ਕਨੇਡਾ ਵਿੱਚ ਵਸੇ ਭਾਰਤੀਆਂ ਨੂੰ ਇੱਕਜੁਟ ਕਰਨ ਦਾ ਕੰਮ ਕੀਤਾ ਸੀ। ਵੈਸੇ ਤਾਂ ‘ਗ਼ਦਰ ਪਾਰਟੀ’ ਦੀ ਯੋਜਨਾ 1913 ਵਿੱਚ ਹੀ ਬਣ ਗਈ ਸੀ ਪਰ ਇਸਨੂੰ 21 ਫਰਵਰੀ 1915 ਈ: ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅੰਗਰੇਜ਼ ਹਕੂਮਤ ਆਪਣਾ ਇੱਕ ਝੋਲੀਚੁੱਕ, ਕਿਰਪਾਲ ਸਿੰਘ ਪਾਰਟੀ ਵਿੱਚ ਸ਼ਾਮਲ ਕਰਨ ਵਿੱਚ ਕਾਮਯਾਬ ਹੋ ਗਈ ਅਤੇ ਉਸ ਨੇ ਸਾਰੀ ਰਿਪੋਰਟ ਸਰਕਾਰ ਨੂੰ ਭੇਜਣੀ ਸ਼ੁਰੂ ਕਰ ਦਿੱਤੀ।
ਇਸ ਤਰ੍ਹਾਂ 21 ਫਰਵਰੀ ਵਾਲਾ ਗ਼ਦਰ ਫੇਲ੍ਹ ਹੋ ਗਿਆ। 19 ਫਰਵਰੀ ਨੂੰ ਸਰਕਾਰ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਗ੍ਰਿਫ਼ਤਾਰ ਕਰ ਲਏ। ਅਖੀਰ ਉਹ ਬਰਤਾਨਵੀ ਹਕੂਮਤ ਦੇ ਕਾਬੂ ਆ ਗਏ। ਸਰਾਭੇ ਵੱਲੋਂ ਆਪਣੇ ਬਚਾਅ ਲਈ ਕੋਈ ਵਕੀਲ ਨਹੀਂ ਕੀਤਾ ਗਿਆ ਸੀ। ਕੋਰਟ ਦੀ ਕਾਰਵਾਈ ਦਿਖਾਵਾ ਮਾਤਰ ਸੀ, ਜਿਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਕੇਸ ਵਿੱਚ ਅਦਾਲਤ ਦੇ ਫ਼ੈਸਲੇ ਵਿਰੁੱਧ ਕੋਈ ਵੀ ਗ਼ਦਰੀ ਅੱਗੇ ਅਪੀਲ ਨਹੀਂ ਸੀ ਕਰ ਸਕਦਾ।
ਗ਼ਦਰੀਆਂ ਵੱਲੋਂ ਕੇਸ ਦੀ ਪੈਰਵੀ ਕਰ ਰਹੇ ਵਕੀਲ ਰਘੂਵਰ ਸਹਾਏ ਨੇ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਦਾ ਮੁੱਦਾ ਵਾਇਸਰਾਇ ਕੌਂਸਲ ਕੋਲ ਉਠਾਇਆ ਅਤੇ ਕੌਂਸਲ ਦੇ ਮੈਂਬਰ ਸਰ ਅਲੀ ਇਮਾਮ ਨੇ ਕਾਨੂੰਨੀ ਪੈਂਤਰਿਆਂ ਦੀ ਨਜ਼ਰਸਾਨੀ ਤੋਂ ਬਾਅਦ 24 ਗ਼ਦਰੀਆਂ ਵਿੱਚੋਂ 17 ਗ਼ਦਰੀਆਂ ਦੀ ਫਾਂਸੀ ਦੀ ਸਜ਼ਾ ਤੋੜ ਕੇ ਸਜ਼ਾ-ਏ-ਕਾਲੇਪਾਣੀ ਕਰ ਦਿੱਤੀ। ਸਰ ਅਲੀ ਇਮਾਮ ਨੇ ਸਰਾਭੇ ਦੀ ਫਾਂਸੀ ਵੀ ਉਮਰ ਕੈਦ ਵਿੱਚ ਤਬਦੀਲ ਕਰਵਾਉਣ ਲਈ ਬਹੁਤ ਜ਼ੱਦੋ-ਜਹਿਦ ਕੀਤੀ, ਕਿਉਂਕਿ ਸਰਾਭੇ ਦੀ ਉਮਰ ਉਸ ਵੇਲੇ ਸਭ ਤੋਂ ਘੱਟ ਸੀ, ਪਰ ਵਾਇਸਰਾਇ ਨੇ ਅਪੀਲ ਖਾਰਜ਼ ਕਰ ਦਿੱਤੀ ਸੀ।
ਕੋਰਟ ਦੇ ਜੱਜਾਂ ਵੱਲੋਂ ਸਰਾਭੇ ਬਾਰੇ ਸਭ ਤੋਂ ਵੱਧ ਸੱਤ ਪੰਨਿਆਂ ਦਾ ਫ਼ੈਸਲਾ ਲਿਖਿਆ ਗਿਆ ਸੀ, ਜਿਸ ਵਿੱਚ ਉਸ ਨੂੰ ਸਭ ਤੋਂ ਵੱਧ ‘ਖ਼ਤਰਨਾਕ’ ਦੱਸਿਆ ਗਿਆ ਸੀ। ਫ਼ੈਸਲੇ ਵਿੱਚ ਅਹਿਮ ਗੱਲ ਇਹ ਲਿਖੀ ਗਈ ਸੀ ਕਿ ਗ਼ਦਰ ਦੀ ਅਜਿਹੀ ਕੋਈ ਵੀ ਘਟਨਾ ਨਹੀਂ ਹੈ, ਜਿਸ ਵਿੱਚ ਸਰਾਭਾ ਸ਼ਾਮਿਲ ਨਾ ਹੋਵੇ। 16 ਨਵੰਬਰ, 1915 ਨੂੰ ਸਾਢੇ ਉੱਨੀ ਸਾਲ ਦੇ ਜਵਾਨ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ ਛੇ ਹੋਰ ਸਾਥੀਆਂ – ਬਖਸ਼ੀਸ਼ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਹਰਨਾਮ ਸਿੰਘ, ਜ਼ਿਲ੍ਹਾ ਸਿਆਲਕੋਟ, ਜਗਤ ਸਿੰਘ, ਜ਼ਿਲ੍ਹਾ ਲਾਹੌਰ, ਸੁਰੈਣ ਸਿੰਘ -1 ਅਤੇ ਸੁਰੈਣ -2 ਦੋਨੋਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਵਿਸ਼ਨੂੰ ਗਣੇਸ਼ ਪਿੰਗਲੇ, ਜ਼ਿਲ੍ਹਾ ਪੂਨਾ (ਮਹਾਰਾਸ਼ਟਰ) ਦੇ ਨਾਲ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫ਼ਾਂਸੀ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ।
1857 ਦੇ ਬਾਅਦ ਇਹ ਅਜ਼ਾਦੀ ਦੀ ਦੂਸਰੀ ਹਥਿਆਰਬੰਦ ਕੋਸ਼ਿਸ਼ ਸੀ। ਇਸ ਵਿੱਚ 200 ਤੋਂ ਜ਼ਿਆਦਾ ਲੋਕ ਸ਼ਹੀਦ ਹੋਏ, ਪਰ ਇਸ ਨਾਲ ਆਜ਼ਾਦੀ ਦੇ ਉਦੇਸ਼ ਨੂੰ ਬਲ ਮਿਲਿਆ। ਕਰਤਾਰ ਸਿੰਘ ਸਰਾਭਾ ਆਪਣੇ ਬਹੁਤ ਛੋਟੇ ਜਿਹੇ ਰਾਜਨੀਤਕ ਜੀਵਨ ਦੇ ਦਲੇਰਾਨਾ ਕੰਮਾਂ ਦੇ ਕਾਰਨ ਗ਼ਦਰ ਪਾਰਟੀ ਦੇ ਲੋਕ ਨਾਇਕ ਦੇ ਰੂਪ ਵਿੱਚ ਉੱਭਰੇ। ਸ਼ਹੀਦੇ-ਆਜ਼ਮ ਭਗਤ ਸਿੰਘ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਸਨ।