India Punjab

ਕਿਸਾਨਾਂ ਦਾ ਚੈਲੇਂਜ, ਖੱਟਰ ਸਰਕਾਰ ਨੂੰ ਨੱਪਣਾ ਹੀ ਪਵੇਗਾ ਸਿਰ ਪਾੜਨ ਦੇ ਫਤਵੇ ਜਾਰੀ ਕਰਨ ਵਾਲਾ ਐੱਸਡੀਐੱਮ

‘ਦ ਖ਼ਾਲਸ ਬਿਊਰੋ :- ਅੱਜ ਹਰਿਆਣਾ ਦੇ ਕਰਨਾਲ ਜ਼ਿਲ੍ਹਾ ਹੈੱਡਕੁਆਰਟਰਜ਼ ’ਤੇ ਮਿੰਨੀ ਸਕੱਤਰੇਤ ਦੇ ਘਿਰਾਓ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਕਿਸਾਨ ਇਕੱਠਾ ਹੋ ਰਹੇ ਹਨ। ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਵੇਖ ਕੇ ਸ਼ਾਇਜਦ ਹਰਿਆਣਾ ਸਰਕਾਰ ਕੰਬ ਗਈ ਹੈ, ਜਿਸ ਕਰਕੇ ਖੱਟਰ ਸਰਕਾਰ ਨੇ 5 ਜ਼ਿਲ੍ਹਿਆਂ ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਤੇ ਪਾਨੀਪਤ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਬੀਤੇ ਕੱਲ੍ਹ ਤੋਂ ਬੰਦ ਇਹ ਸੇਵਾਵਾਂ ਅੱਜ ਵੀ ਅੱਧੀ ਰਾਤ ਦੇ 11:59 ਵਜੇ ਤੱਕ ਬੰਦ ਰਹਿਣਗੀਆਂ।

ਕਰਨਾਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਪੁਲਿਸ ਭਾਵੇਂ ਬੈਰੀਗੇਟਸ ਲਾਵੇ, ਪੈਰਾ ਮਿਲੀਟਰੀ ਫੋਰਸ ਲੱਗੇ ਪਰ ਅਸੀਂ ਸਕੱਤਰੇਤ ਦਾ ਘਿਰਾਉ ਕਰਕੇ ਹੀ ਰਹਾਂਗੇ। ਸਰਕਾਰ ਦੀ ਐੱਸਡੀਐੱਮ ਖ਼ਿਲਾਫ਼ ਕਾਰਵਾਈ ਨਾ ਕਰਨ ਦੀ ਹਿੰਮਤ ਨਹੀਂ ਹੈ, ਅਸੀਂ ਐੱਸਡੀਐੱਮ ਖ਼ਿਲਾਫ਼ ਕਾਰਵਾਈ ਕਰਵਾ ਕੇ ਮੰਨਾਂਗੇ। ਅਸੀਂ ਐੱਸਡੀਐੱਮ ਖ਼ਿਲਾਫ਼ ਕਾਰਵਾਈ ਕਰਵਾ ਕੇ ਹੀ ਰਹਾਂਗੇ।

ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ANI ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇਨ੍ਹਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਹਰਿਆਣਾ ਪੁਲਿਸ ਵੱਲੋਂ ਚੰਡੀਗੜ੍ਹ–ਅੰਬਾਲਾ–ਦਿੱਲੀ ਦੀ ਆਵਾਜਾਈ ਨੂੰ ਲੰਘਾਉਣ ਲਈ ਬਦਲਵੇਂ ਇੰਤਜ਼ਾਮ ਕੀਤੇ ਗਏ ਹਨ। ਅੱਜ ਕਰਨਾਲ ਜ਼ਿਲ੍ਹੇ ’ਚ ਕੋਈ ਬੱਸ ਤੇ ਹੋਰ ਵਾਹਨ ਨਹੀਂ ਜਾਣਗੇ। ਇਸੇ ਤਰ੍ਹਾਂ ਅੱਜ ਜੇ ਕਿਸੇ ਨੇ ਅੰਬਾਲਾ ਤੋਂ ਦਿੱਲੀ ਨੈਸ਼ਨਲ ਹਾਈਵੇਅ–44 ਰਾਹੀਂ ਜਾਣਾ ਹੋਵੇਗਾ ਤਾਂ ਉਸ ਨੂੰ 35 ਕਿਲੋਮੀਟਰ ਦਾ ਸਫ਼ਰ ਵੱਧ ਤੈਅ ਕਰਨਾ ਹੋਵੇਗਾ।