Punjab

ਨਿਹੰਗਾਂ ਦੇ 2 ਗੁੱਟਾਂ ਦੇ ਵਿਚਾਲੇ ਹੋਇਆ ਇਹ ਕੰਮ !

ਕਪੂਰਥਲਾ : ਕਪੂਰਥਲਾ ਵਿੱਚ ਅੰਮ੍ਰਿਤਸਰ ਰੋਡ ‘ਤੇ ਨਿਹੰਗਾਂ ਦੇ 2 ਗੁੱਟਾਂ ਵਿੱਚ ਜ਼ਬਰਦਸਤ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਸ੍ਰੀ ਬਵਿਆਂ ਸਾਹਿਬ ਦੀ ਸੇਵਾ ਨੰ ਲੈ ਕੇ ਨਿਹੰਗ ਆਪਸ ਵਿੱਚ ਲੜੇ ਅਤੇ ਕਿਰਪਾਨਾਂ ਨਾਲ ਇੱਕ ਦੂਜੇ ‘ਤੇ ਹਮਲਾ ਕੀਤਾ। ਇਨ੍ਹਾਂ ਦੀ ਲੜਾਈ ਰੋਕਣ ਦੇ ਲਈ ਸੰਗਤ ਵੀ ਅੱਗੇ ਆਈ ਪਰ ਦੋਵਾਂ ਦੇ ਹੱਥਾਂ ਵਿੱਚ ਕ੍ਰਿਰਪਾਨਾਂ ਹੋਣ ਦੀ ਵਜ੍ਹਾ ਕਰਕੇ ਉਹ ਜ਼ਿਆਦਾ ਕੁਝ ਨਹੀਂ ਕਰ ਸਕੀ । ਸੰਗਤ ਦਾ ਕਹਿਣਾ ਹੈ ਗੁਰਦੁਆਰਾ ਪ੍ਰਬੰਧਕ ਨੂੰ ਲੈ ਕੇ 2 ਧਿਰਾਂ ਦੇ ਵਿਚਾਲੇ ਵਿਵਾਦ ਸੀ। ਇੱਕ ਸਾਲ ਤੋਂ ਦੋਵੇਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਸਨ ਅਤੇ ਹੁਣ ਇਹ ਮਾਮਲਾ ਖੂਨੀ ਝੜਪ ਵਿੱਚ ਬਦਲ ਗਿਆ ਹੈ।

ਸੇਵਾ ਨੂੰ ਲੈਕੇ ਚੱਲ ਰਿਹਾ ਸੀ ਵਿਵਾਦ

ਦੱਸਿਆ ਜਾ ਰਿਹਾ ਹੈ ਇੱਕ ਸਾਲ ਪਹਿਲਾਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਦਲੀ ਸੀ। ਨਵੀਂ ਕਮੇਟੀ ਨੇ ਗੁਰੂ ਘਰ ਦਾ ਕਾਰਜਭਾਰ ਸੰਭਾਲਿਆ ਤਾਂ ਪੁਰਾਣੀ ਕਮੇਟੀ ਇਸ ਨੂੰ ਲੈ ਕੇ ਇਤਰਾਜ਼ ਹੈ। ਪੁਰਾਣੀ ਕਮੇਟੀ ਨੇ ਜਦੋਂ ਰਿਕਾਰਡ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇ ਗੁੱਟ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਕਿਰਪਾਨਾਂ ਨਾਲ ਇੱਕ ਦੂਜੇ ‘ਤੇ ਹਮਲਾ ਸ਼ੁਰੂ ਕਰ ਦਿੱਤਾ ਅਤੇ 4 ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਇੱਕ ਔਰਤ ਵੀ ਹੈ। CCTV ਵਿੱਚ ਕੁੱਟਮਾਰ ਦੀ ਪੂਰੀ ਘਟਨਾ ਕੈਦ ਹੋਈ ਹੈ ।ਹਿੰਸਕ ਝੜਪ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ । ਐੱਸਪੀ ਹਰਵਿੰਦਰ ਸਿੰਘ ਖੁਦ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਇੱਕ ਦੀ ਹਾਲਤ ਗੰਭੀਰ

ਸੇਵਾ ਦੀ ਜ਼ਿੰਮਵਾਰੀ ਟੁਰਨਾ ਦਲ ਦੇ ਮੁਖੀ ਮੇਜਰ ਸਿੰਘ ਨੂੰ ਸੌਂਪੀ ਗਈ ਸੀ । ਸੂਤਰਾਂ ਮੁਤਾਬਕ ਸਵੇਰੇ 2 ਵਜੇ ਨਿਹੰਗ ਗੁਰਦੁਆਰਾ ਸਾਹਿਬ ਵਿੱਚ ਆਏ ਅਤੇ ਗਾਲਾਂ ਕੱਢਣ ਲੱਗੇ । ਜਿਸ ਤੋਂ ਬਾਅਦ ਵਿਵਾਦ ਵੱਧ ਗਿਆ ਦੋਵਾਂ ਗੁੱਟਾਂ ਨੇ ਇੱਕ ਦੂਜੇ ‘ਤੇ ਹਮਲਾ ਸ਼ੁਰੂ ਕਰ ਦਿੱਤਾ। ਜ਼ਖਮੀਆਂ ਵਿੱਚ ਕਮਲਜੀਤ ਸਿੰਘ ਗਿਨੀ ਬਾਵਾ, ਮਨਜੀਤ ਬਹਾਦੁਰ ਸਿੰਘ ਬਾਵਾ, ਦਵਿੰਦਰ ਕੌਰ ਅਤੇ ਸਿਮਰਨਜੀਤ ਸਿੰਘ ਦਾ ਨਾਂ ਸ਼ਾਮਲ। ਤਿੰਨਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਦਕਿ ਗਿਨੀ ਬਾਵਾ ਦੀ ਹਾਲਤ ਗੰਭੀਰ ਹੋਣ ਦੀ ਵਜ੍ਹਾ ਕਰਕੇ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।