India

ਰਾਹੁਲ ਗਾਂਧੀ ਦੇ ਇਲਜ਼ਾਮਾਂ ਦਾ ਕਪਿਲ ਸਿੱਬਲ ਨੇ ਦਿੱਤਾ ਜਵਾਬ, ਦੋ ਧਿਰ ਹੋਈ ਕਾਂਗਰਸ ਪਾਰਟੀ

‘ਦ ਖ਼ਾਲਸ ਬਿਊਰੋ:- ਕਾਂਗਰਸ ਪਾਰਟੀ ਵਿੱਚ ਨਵਾਂ ਪ੍ਰਧਾਨ ਚੁਣੇ ਜਾਣ ਸਬੰਧੀ ਪਾਰਟੀ ਦੇ ਦੋ ਧੜੇ ਬਣਦੇ ਦਿਖਾਈ ਦੇ ਰਹੇ ਹਨ ਅਤੇ ਲੀਡਰਾਂ ਵੱਲੋਂ ਇੱਕ ਦੂਸਰੇ ਪ੍ਰਤੀ ਨਰਾਜ਼ਗੀ ਵੀ ਜ਼ਾਹਿਰ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਆਪਣਾ ਅਹੁਦਾ ਛੱਡਣ ਦੀ ਪੇਸ਼ਕਸ਼ ਕਰਦਿਆਂ ਪਾਰਟੀ ਨੂੰ ਨਵਾਂ ਪ੍ਰਧਾਨ ਲੱਭਣ ਲਈ ਕਿਹਾ, ਉੱਥੇ ਹੀ ਹੈੱਡਕੁਆਰਟਰ ਦੇ ਬਾਹਰ ਕਈ ਵਰਕਰਾਂ ਨੇ ਇਕੱਠੇ ਹੋ ਕੇ ਗਾਂਧੀ ਪਰਿਵਾਰ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ। ਉਹਨਾਂ ਕਿਹਾ ਕਿ ਉਹ ਗਾਂਧੀ ਪਰਿਵਾਰ ਤੋਂ ਛੁੱਟ ਕਿਸੇ ਦੀ ਅਗਵਾਈ ਸਵੀਕਾਰ ਨਹੀਂ ਕਰਨਗੇ।

 

ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਪਾਰਟੀ ਵਿੱਚ ਤਬਦੀਲੀ ਕਰਨ ਦੇ ਪੱਤਰ ਬਾਰੇ 23 ਲੀਡਰਾਂ ‘ਤੇ BJP ਨਾਲ ਮਿਲੀ ਭੁਗਤ ਦਾ ਲਾਏ ਇਲਜ਼ਾਮ ਤੋਂ ਬਾਅਦ ਸੀਨੀਅਰ ਲੀਡਰ ਕਪਿਲ ਸਿੱਬਲ ਨੇ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਪਿਛਲੇ 30 ਸਾਲਾਂ ਵਿੱਚ ਭਾਜਪਾ ਦੇ ਪੱਖ ਵਿੱਚ ਕੋਈ ਬਿਆਨ ਨਹੀਂ ਦਿੱਤਾ ਤਾਂ ਫਿਰ ਅਸੀਂ ਭਾਜਪਾ ਦੇ ਹਮਾਇਤੀ ਕਿਵੇਂ ਹੋ ਸਕਦੇ ਹਾਂ? ਉਹਨਾਂ ਕਿਹਾ ਕਿ ਮੈਂ ਮਣੀਪੁਰ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਪਾਰਟੀ ਦਾ ਪੱਖ ਰੱਖਿਆ ਸੀ।

 

ਉਨ੍ਹਾਂ ਰਾਹੁਲ ਗਾਂਧੀ ’ਤੇ ਚੁਟਕੀ ਲੈਂਦਿਆਂ ਕਿਹਾ, ‘ਪਿਛਲੇ 30 ਸਾਲਾਂ ਵਿੱਚ ਕਿਸੇ ਵੀ ਮੁੱਦੇ ’ਤੇ ਭਾਜਪਾ ਦਾ ਪੱਖ ਨਹੀਂ ਪੂਰਿਆ। ਫਿਰ ਵੀ ਅਸੀਂ ਭਾਜਪਾ ਨਾਲ ਮਿਲੀ ਭੁਗਤ ਕਰ ਰਹੇ ਹਾਂ?’ ਹਾਲਾਂਕਿ ਸਿੰਬਲ ਨੇ ਕੁਝ ਦੇਰ ਬਾਅਦ ਮੁੜ ਟਵੀਟ ਕੀਤਾ ਕਿ ਉਨ੍ਹਾ ਦੀ ਇਸ ਮੁੱਦੇ ’ਤੇ ਰਾਹੁਲ ਗਾਂਧੀ ਨਾਲ ਗੱਲਬਾਤ ਹੋ ਗਈ ਹੈ, ਜਿਸ ਕਰਕੇ ਉਹ ਆਪਣੇ ਪਹਿਲਾਂ ਵਾਲੇ ਟਵੀਟ ਨੂੰ ਵਾਪਸ ਲੈਂਦੇ ਹਨ।

ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਪ੍ਰਧਾਨ ਨੂੰ ਲਿਖੇ ਪੱਤਰ ਦਾ ਬਚਾਅ ਕਰਦਿਆਂ ਕਿਹਾ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਉਨ੍ਹਾਂ ਭਾਜਪਾ ਨਾਲ ਮਿਲ ਕੇ ਕੋਈ ਸਾਜ਼ਿਸ਼ ਘੜੀ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।