ਚੰਡੀਗੜ੍ਹ : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਫੜ੍ਹਨ ਲਈ ਗੰਭੀਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੀ, ਪਰ ਉਨ੍ਹਾਂ ਨੇ ਸ਼ਾਹਬਾਦ ਪਹੁੰਚਣ ਵਿੱਚ ਡੇਢ ਦਿਨ ਲਗਾ ਦਿੱਤਾ। ਉਨ੍ਹਾਂ ਨੇ ਕਿਹਾ, “ਜਦੋਂ ਸਾਰੀ ਪੁਲਿਸ ਜਲੰਧਰ ਵਿੱਚ ਉਸ ਨੂੰ ਤਲਾਸ਼ ਰਹੀ ਸੀ, ਉਹ ਸ਼ਾਹਬਾਦ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਬੈਠਾ ਰੋਟੀ ਖਾ ਰਿਹਾ ਸੀ। ਪੰਜਾਬ ਸਰਕਾਰ ਦੀ ਸੁਸਤੀ ਸਾਫ ਦਿਖਾਈ ਦੇ ਰਹੀ ਹੈ।” ਵਿਜ ਨੇ ਕਿਹਾ, “ਹਰਿਆਣਾ ਪੁਲਿਸ ਅਮ੍ਰਿਤਪਾਲ ਦਾ ਲਿੰਕ ਦੱਸ ਰਹੀ ਹੈ ਤੇ ਪੰਜਾਬ ਪੁਲਿਸ ਇੱਥੇ ਨਹੀਂ ਆ ਰਹੀ। ਇਸ ਨਾਲ ਪੰਜਾਬ ਸਰਕਾਰ ਦੇ ਸਿਆਸੀ ਡਰਾਮੇ ਬਾਰੇ ਪਤਾ ਚੱਲਦਾ ਹੈ।”
ਇਸ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅਨਿਲ ਵਿਜ ਨੂੰ ਸਮਝਣਾ ਚਾਹੀਦਾ ਹੈ ਕਿ ਰੱਖਿਆ ਬਲਾਂ ਦੀ ਭਰੋਸੇਯੋਗਤਾ ‘ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮੁਲਜ਼ਮ ਫੜ੍ਹੇ ਜਾਣਗੇ।
ਕੰਗ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਭਾਈਚਾਰੇ ਨੂੰ ਅੱਗ ਲਗਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪਰ ਜੋ ਲੋਕ ਬੇਕਸੂਰ ਹਨ, ਉਨ੍ਹਾਂ ‘ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ।
ਕੰਗ ਨੇ ਕਿਹਾ ਕਿ ਇਸ ਮਾਮਲੇ ‘ਤੇ ਪੂਰੀ ਗੰਭੀਰਤਾ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਜਾਂਚ ਦੇ ਲਈ ਕੁਝ ਲੋਕਾਂ ਨੂੰ ਪੁਲਿਸ ਜ਼ਰੂਰ ਬੁਲਾ ਰਹੀ ਹੈ ਪਰ ਕਿਸੇ ਬੇਕਸੂਰ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਵਿਰੋਧੀਆਂ ਵੱਲੋਂ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਗ ਨੇ ਕਿਹਾ ਕਿ ਐਨ.ਐਸ.ਏ. ਸਿਰਫ ਉਨ੍ਹਾਂ ਲੋਕਾਂ ‘ਤੇ ਲਗਾਇਆ ਗਿਆ ਹੈ ਜੋ 24 ਘੰਟੇ ਅੰਮ੍ਰਿਤਪਾਲ ਨਾਲ ਰਹਿੰਦੇ ਸਨ ਅਤੇ ਰਚੀ ਜਾ ਰਹੀ ਸਾਜ਼ਿਸ਼ ‘ਚ ਉਸਦਾ ਸਾਥ ਦਿੰਦੇ ਸਨ।
ਇਸ ਮਾਮਲੇ ਵਿੱਚ 177 ਲੋਕਾਂ ‘ਤੇ ਅਜਿਹਾ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ।ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਤਿਰੰਗੇ ਝੰਡੇ ਦੇ ਅਪਮਾਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਹੁਤ ਹੀ ਸਖ਼ਤ ਕਾਰਵਾਈ ਕੀਤੀ ਹੈ ਤਾਂ ਜੋ ਅਜਿਹੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਅੱਜ ਅੱਠਵੇਂ ਦਿਨ ਵੀ ਜਾਰੀ ਹੈ।