‘ਦ ਖ਼ਾਲਸ ਬਿਊਰੋ :- ਫਿਲਮੀ ਅਦਾਕਾਰਾ ਕੰਗਨਾ ਰਣੌਤ ਜਿਹੜੀ ਕਿ ਅਵਾ-ਤਵਾ ਬਿਆਨ ਦੇਣ ਕਰਕੇ ਪਿਛਲੇ ਸਮੇਂ ਤੋਂ ਚਰਚਾ ਵਿੱਚ ਹੈ, ਨੂੰ ਦਿੱਲੀ ਵਿਧਾਨ ਸਭਾ ਨੇ ਤਲਬ ਕਰ ਲਿਆ ਹੈ। ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਬਾਰੇ ਕਮੇਟੀ ਨੇ ਉਸਨੂੰ ਕਮੇਟੀ ਸਾਹਮਣੇ ਪੇਸ਼ ਹੋ ਕੇ ਉਸ ਖਿਲਾਫ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਸਪੱਸ਼ਟੀਕਰਨ ਦੇਣ ਦਾ ਨੋਟਿਸ ਜਾਰੀ ਕੀਤਾ ਹੈ। ਕਮੇਟੀ ਨੇ ਕਿਹਾ ਹੈ ਕਿ ਉਸ ਨੂੰ ਕੰਗਣਾ ਰਣੌਤ ਦੁਆਰਾ ਕਥਿਤ ਤੌਰ ‘ਤੇ ਇੰਸਟਾਗ੍ਰਾਮ ਕਹਾਣੀਆਂ/ਪੋਸਟਾਂ” ‘ਤੇ ਸਿੱਖਾਂ ਵਿਰੁੱਧ ਇਤਰਾਜ਼ਯੋਗ ਅਤੇ ਅਪਮਾਨਜਨਕ ਪੋਸਟਾਂ ਪਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਕੰਗਣਾ ਨੇ ਸਿੱਖਾਂ ਬਾਰੇ ਕਿਹਾ ਸੀ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਆਪਣੇ ਪੈਰਾਂ ਥੱਲੇ ਮੱਛਰਾਂ ਦੀ ਤਰ੍ਹਾਂ ਰਗੜ ਕੇ ਥਾਂ ਸਿਰ ਰੱਖਿਆ ਸੀ।
ਸ਼ਿਕਾਇਤਕਰਤਾਵਾਂ ਦੇ ਅਨੁਸਾਰ ਉਸਦੇ ਇੰਸਟਾਗ੍ਰਾਮ ਅਕਾਉਂਟ ‘ਤੇ ਪ੍ਰਕਾਸ਼ਤ ਕਹਾਣੀਆਂ (Stories) ਅਜਿਹੀਆਂ ਉਦਾਹਰਣਾਂ ਨੂੰ ਦਰਸਾਉਂਦੇ ਹਨ ਜੋ “ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ”। ਇਸ ਦੇ ਨਾਲ ਹੀ ਉਸਦੀਆਂ ਪੋਸਟਾਂ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦਾ ਕੰਮ ਕਰ ਸਕਦੀਆਂ ਹਨ।