ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਸਦੀ ਆਉਣ ਵਾਲੀ ਫਿਲਮ ਐਮਰਜੈਂਸੀ ’ਤੇ ਸੁਣਵਾਈ ਕਰਦੇ ਹੋਏ ਚੰਡੀਗੜ੍ਹ ਅਦਾਲਤ ਨੇ ਉਸ ਨੂੰ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 5 ਦਸੰਬਰ ਲਈ ਤੈਅ ਕੀਤੀ ਗਈ ਹੈ।
ਇਸ ਸਬੰਧੀ ਸਾਬਕਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਬਾਸੀ ਵੱਲੋਂ ਅਦਾਕਾਰਾ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ’ਚ ਕਿਹਾ ਗਿਆ ਸੀ ਕਿ ਕੰਗਨਾ ਨੇ ਫਿਲਮ ’ਚ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਫਿਲਮ ਅਜੇ ਰਿਲੀਜ਼ ਨਹੀਂ ਹੋਈ ਹੈ।
ਪਟੀਸ਼ਨ ’ਚ ਦਿੱਤੀ ਗਈ ਇਹ ਦਲੀਲ
ਰਵਿੰਦਰ ਬੱਸੀ ਦੀ ਤਰਫੋਂ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਨੇ ਫਿਲਮ ਬਣਾਉਂਦੇ ਸਮੇਂ ਇਤਿਹਾਸ ਨੂੰ ਪੜ੍ਹੇ ਬਿਨਾਂ ਹੀ ਫਿਲਮ ਬਣਾ ਦਿੱਤੀ ਹੈ। ਜਿਸ ਕਾਰਨ ਸਿੱਖਾਂ ਦਾ ਅਕਸ ਪ੍ਰਭਾਵਿਤ ਹੋਵੇਗਾ। ਉਸ ਨੇ ਕਿਹਾ ਕਿ ਇਸ ਲਈ ਉਹ ਇਕੱਲੀ ਜ਼ਿੰਮੇਵਾਰ ਨਹੀਂ ਹੈ। ਸਕਰੀਨ ਪਲੇਅ ਲੇਖਕ ਰਿਤੇਸ਼ ਸ਼ਾਹ ਅਤੇ ਜ਼ੀ ਸਟੂਡੀਓ ਵੀ ਇਸ ਲਈ ਜ਼ਿੰਮੇਵਾਰ ਹਨ।
ਫਿਲਮ ਤੋਂ ਡਿਲੀਟ ਕੀਤੇ ਜਾਣਗੇ ਤਿੰਨ ਸੀਨ
ਜਿਵੇਂ ਹੀ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਇਸ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਸਿੱਖ ਜਥੇਬੰਦੀਆਂ ਇਸ ਫਿਲਮ ’ਤੇ ਪਾਬੰਦੀ ਦੀ ਮੰਗ ਕਰ ਰਹੀਆਂ ਸਨ। ਇਹ ਮਾਮਲਾ ਅਦਾਲਤ ਤੱਕ ਵੀ ਪਹੁੰਚ ਗਿਆ ਸੀ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੇ ਹਾਈ ਕੋਰਟ ਵਿੱਚ ਦੱਸਿਆ ਸੀ ਕਿ ਫਿਲਮ ਨੂੰ ਅਜੇ ਤੱਕ ਪ੍ਰਮਾਣਿਤ ਨਹੀਂ ਕੀਤਾ ਗਿਆ ਹੈ। ਇਸ ਤੋਂ ਬਾਅਦ ਕਰੀਬ ਇੱਕ ਹਫ਼ਤਾ ਪਹਿਲਾਂ ਸੀਬੀਐਫਸੀ ਨੇ ਫ਼ਿਲਮ ਨੂੰ ਯੂ/ਏ ਸਰਟੀਫਿਕੇਟ ਦਿੱਤਾ ਸੀ।
ਸੀਬੀਐਫਸੀ ਨੇ ਇਸ ਫਿਲਮ ਦੇ ਕਈ ਦ੍ਰਿਸ਼ਾਂ ’ਤੇ ਇਤਰਾਜ਼ ਜਤਾਇਆ ਸੀ, ਜਿਸ ਕਾਰਨ ਹੁਣ ਇਹ ਫਿਲਮ ਕਈ ਕੱਟ ਅਤੇ ਬਦਲਾਅ ਤੋਂ ਬਾਅਦ ਕੁਝ ਹਫਤਿਆਂ ’ਚ ਰਿਲੀਜ਼ ਹੋਵੇਗੀ। ਸੀਬੀਐਫਸੀ ਨੇ ਇਸ ਫਿਲਮ ਦੇ 3 ਸੀਨ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਖ਼ਤ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਫ਼ਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਸ ਵਿੱਚ 10 ਬਦਲਾਅ ਕੀਤੇ ਜਾਣ।
ਮਾਮਲੇ ’ਤੇ ਕੰਗਨਾ ਦਾ ਪੱਖ- “ਫ਼ਿਲਮ ’ਚ ਕੁਝ ਵੀ ਗ਼ਲਤ ਨਹੀਂ”
ਉੱਧਰ ਕੰਗਨਾ ਦਾ ਕਹਿਣਾ ਹੈ ਕਿ ਉਸਦੀ ਫਿਲਮ ਵਿੱਚ ਕੁਝ ਵੀ ਗ਼ਲਤ ਨਹੀਂ ਦਿਖਾਇਆ ਗਿਆ ਹੈ, ਮੈਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲਿਆ ਹੈ। 4 ਇਤਿਹਾਸਕਾਰਾਂ ਨੇ ਮੇਰੀ ਫਿਲਮ ਦੀ ਨਿਗਰਾਨੀ ਕੀਤੀ ਹੈ। ਸਾਡੇ ਕੋਲ ਸਾਰੇ ਦਸਤਾਵੇਜ਼ ਹਨ। ਪਰ ਕੁਝ ਲੋਕ ਭਿੰਡਰਾਂਵਾਲੇ ਨੂੰ ਸੰਤ, ਆਗੂ ਅਤੇ ਇਨਕਲਾਬੀ ਕਹਿ ਰਹੇ ਹਨ। ਉਨ੍ਹਾਂ ਨੇ ਮੇਰੀ ਫਿਲਮ ’ਤੇ ਪਾਬੰਦੀ ਲਗਾਉਣ ਦੀ ਧਮਕੀ ਦਿੱਤੀ ਹੈ। ਮੈਨੂੰ ਧਮਕੀਆਂ ਵੀ ਮਿਲੀਆਂ ਹਨ।
ਕੰਗਨਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖਾਲਿਸਤਾਨੀਆਂ ਨੂੰ ਅੱਤਵਾਦੀ ਕਿਹਾ ਸੀ। ਉਹ (ਭਿੰਡਰਾਂਵਾਲਾ) ਕੋਈ ਸੰਤ ਨਹੀਂ ਹੈ ਜੋ AK47 ਲੈ ਕੇ ਹਰਿਮੰਦਰ ਸਾਹਿਬ ਵਿੱਚ ਬੈਠਾ ਹੋਵੇ। ਮੇਰੀ ਫਿਲਮ ’ਤੇ ਕੁਝ ਲੋਕਾਂ ਨੂੰ ਹੀ ਇਤਰਾਜ਼ ਹੈ ਅਤੇ ਉਹ ਦੂਜਿਆਂ ਨੂੰ ਵੀ ਭੜਕਾ ਰਹੇ ਹਨ। ਹਾਲਾਂਕਿ ਫਿਲਮ ਨਾਲ ਜੁੜੇ ਮਾਮਲੇ ਦੀ ਸੁਣਵਾਈ ਵੀ 18 ਸਤੰਬਰ ਨੂੰ ਮੁੰਬਈ ਦੀ ਅਦਾਲਤ ’ਚ ਹੋਣੀ ਹੈ।