India Manoranjan

ਕਾਂਵੜ ਯਾਤਰਾ ਦੌਰਾਨ ਦੁਕਾਨਾਂ ’ਤੇ ਮਾਲਕ ਦਾ ਨਾਂ ਲਿਖੇ ਜਾਣ ’ਤੇ ਸੋਨੂ ਸੂਦ ਤੇ ਕੰਗਣਾ ਭਿੜੇ! ‘ਸ੍ਰੀ ਰਾਮ ਜੀ ਨੇ ਸਬਰੀ ਦੇ ਜੂਠੇ ਬੇਰ ਖਾਧੇ!’ ‘ਇਕ ਹੋਰ ਰਮਾਇਣ ਦੀ ਤਿਆਰੀ!’

ਬਿਉਰੋ ਰਿਪੋਰਟ – ਯੂਪੀ ਅਤੇ ਉੱਤਰਾਖੰਡ ਸਰਕਾਰਾਂ ਵੱਲੋਂ ਕਾਂਵੜ ਯਾਤਰਾ ਦੇ ਦੌਰਾਨ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਦੁਕਾਨਾਂ ਦੇ ਮਾਲਕਾਂ ਨੂੰ ਆਪਣਾ ਨਾਂ ਲਿਖਵਾਉਣ ਦੇ ਜਿਹੜੇ ਨਿਰਦੇਸ਼ ਦਿੱਤੇ ਹਨ ਉਸ ’ਤੇ ਹੁਣ ਬਾਵੀਵੁੱਡ ਦੀ ਐਂਟਰੀ ਹੋ ਗਈ ਹੈ। ਵਿਰੋਧੀ ਧਿਰ ਕਾਂਗਰਸ ਅਤੇ NDA ਦੇ ਭਾਈਵਾਰ JDU, LJP, RLD ਦੇ ਵਿਰੋਧ ਤੋਂ ਬਾਅਦ ਹੁਣ ਪੰਜਾਬੀ ਬਾਵੀਵੁੱਡ ਅਦਾਕਾਰ ਸੋਨੂ ਸੂਦ ਅਤੇ ਬੀਜੇਪੀ ਐੱਮਪੀ ਤੇ ਅਦਾਕਾਰਾ ਕੰਗਨਾ ਰਣੌਤ ਵੀ ਆਹਮੋ-ਸਾਹਮਣੇ ਆ ਗਏ ਹਨ।

ਸੋਨੂ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ X ’ਤੇ ਪੋਸਟ ਸ਼ੇਅਰ ਕਰਦੇ ਹੋਏ ਬਿਨਾਂ ਯੂਪੀ ਅਤੇ ਉੱਤਰਾਖੰਡ ਸਰਕਾਰ ਵੱਲੋਂ ਕਾਂਵੜ ਯਾਤਰਾ ’ਤੇ ਜਾਰੀ ਆਦੇਸ਼ ਦਾ ਹਵਾਲਾ ਦਿੰਦੇ ਹੋਏ ਲਿਖਿਆ ‘ਸਾਡੇ ਸ੍ਰੀ ਰਾਮ ਜੀ ਨੇ ਸਬਰੀ ਦੇ ਜੂਠੇ ਬੇਰ ਖਾਧੇ ਸਨ ਤਾਂ ਮੈਂ ਕਿਉਂ ਨਹੀਂ ਖਾ ਸਕਦਾ ਹਾਂ। ਹਿੰਸਾ ਨੂੰ ਅਹਿੰਸਾ ਨਾਲ ਹਰਾਇਆ ਜਾ ਸਕਦਾ ਹੈ। ਮੇਰੇ ਭਰਾ, ਸਿਰਫ ਮਨੁੱਖਤਾ ਬਰਕਰਾਰ ਰਹਿਣੀ ਚੀਹੀਦੀ ਹੈ।’

ਸੋਨੂ ਸੂਦ ਦੇ ਇਸ ਪੋਸਟ ’ਤੇ ਕੰਗਣਾ ਨੇ ਜਵਾਬ ਦਿੱਤਾ। ਫਿਰ ਸੋਨੂ ਸੂਦ ਨੇ ਇੱਕ ਹੋਰ ਟਵੀਟ ਕਰਦੇ ਹੋਏ ਕਿਹਾ ਸਿਰਫ਼ ਇੱਕ ਹੀ ਨੇਮ ਪਲੇਟ ਹੋਣੀ ਚਾਹੀਦੀ ਹੈ ਉਹ ਹੈ ਮਨੁੱਖ।

ਮੰਡੀ ਤੋਂ ਬੀਜੇਪੀ ਐੱਮਪੀ ਅਦਾਕਾਰ ਕੰਗਨਾ ਰਣੌਤ ਨੇ ਸੋਨੂ ਸੂਦ ’ਤੇ ਤੰਜ ਕੱਸ ਦੇ ਹੋਏ ਲਿਖਿਆ ‘ਹੁਣ ਸੋਨੂ ਸੂਦ ਜੀ ਆਪਣੀ ਰਮਾਇਣ ਨੂੰ ਡਾਇਰੈਕਟ ਕਰਨਗੇ ਜਿਸ ਵਿੱਚ ਉਨ੍ਹਾਂ ਦੀ ਰੱਬ ਅਤੇ ਧਰਮ ਬਾਰੇ ਨਿੱਜੀ ਖੌਜ ਹੋਵੇਗੀ। ਵਾਹ ਕੀ ਗੱਲ ਹੈ ਬਾਲੀਵੁੱਡ ਵੀ ਇੱਕ ਹੋਰ ਰਮਾਇਣ।’

ਉੱਧਰ SGPC ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਅਤੇ ਪੰਜਾਬ ਦੇ ਸ਼ਾਹੀ ਇਮਾਮ ਦਾ ਵੀ ਇਸ ਤੇ ਬਿਆਨ ਸਾਹਮਣੇ ਆਇਆ ਹੈ। ਗਰੇਵਾਲ ਨੇ ਕਿਹਾ ਅਸੀਂ ਯੂਪੀ ਅਤੇ ਉੱਤਰਾਖੰਡ ਸਰਕਾਰ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦੇ ਹਾਂ ਇਸ ਨਾਲ ਸਮਾਜ ਵਿੱਚ ਵੰਡ ਪਏਗੀ। ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ ਨਗਰ ਕੀਰਤਨ ਸਜਾਇਆ ਜਾਂਦਾ ਹੈ ਤਾਂ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰਾ ਲੰਗਰ ਦਾ ਪ੍ਰਬੰਧ ਕਰਦਾ ਹੈ।

ਉੱਧਰ ਪੰਜਾਬ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਤੁਸੀਂ ਕਿਸੇ ਭਾਈਚਾਰੇ ਦੇ ਧਰਮ ਦਾ ਖਿਆਲ ਰੱਖ ਕੇ ਉਸ ਚੀਜ਼ ਨੂੰ ਤਾਂ ਬੰਦ ਕਰਵਾ ਸਕਦੇ ਹੋ ਜਿਹੜੇ ਤੁਹਾਡੇ ਧਰਮ ਵਿੱਚ ਨਹੀਂ ਮਨਜ਼ੂਰ ਪਰ ਤੁਸੀਂ ਕਿਵੇਂ ਉਸ ਸ਼ਖਸ ਦੀ ਪਛਾਣ ਕਰਵਾ ਕੇ ਉਸ ਨੂੰ ਵੱਖ ਕਰ ਸਕਦੇ ਹੋ। ਇਹ ਸੰਵਿਧਾਨ ਦੇ ਖ਼ਿਲਾਫ਼ ਹੈ।