ਫਿਲਮੀ ਦੁਨੀਆ ਤੋਂ ਸਿਆਸਤ ’ਚ ਕਦਮ ਰੱਖਣ ਵਾਲੀ ਅਦਾਕਾਰਾ ਕੰਗਨਾ ਰਣੌਤ ਦੇ ਬਿਆਨਾਂ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਗੰਭੀਰਤਾ ਨਾਲ ਲਿਆ ਹੈ। ਪਾਰਟੀ ਨੇ ਉਨ੍ਹਾਂ ਨੂੰ ਮੀਡੀਆ ’ਚ ਕਿਸੇ ਤਰ੍ਹਾਂ ਦਾ ਬਿਆਨ ਜਾਂ ਇੰਟਰਵਿਊ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਮੰਡੀ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਪਾਰਟੀ ਲੀਡਰਸ਼ਿਪ ਦੀ ਇਜਾਜ਼ਤ ਤੋਂ ਬਿਨਾਂ ਹੁਣ ਕੋਈ ਬਿਆਨ ਨਹੀਂ ਦੇ ਸਕੇਗੀ।
ਗ੍ਰਹਿ ਖੇਤਰ ਸਰਕਾਘਾਟ ’ਚ ਦੋ ਦਿਨ ਪਹਿਲਾਂ ਨੁੱਕੜ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਦਾ ਅਵਤਾਰ ਦੱਸਣ ਨਾਲ ਪਾਰਟੀ ਦੀ ਕਿਰਕਿਰੀ ਹੋ ਰਹੀ ਹੈ। ਸੂਬੇ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਇਕ ਮਨੁੱਖ ਦੀ ਤੁਲਨਾ ਭਗਵਾਨ ਰਾਮ ਨਾਲ ਕਰਨ ਨੂੰ ਮੰਦਭਾਗਾ ਕਿਹਾ ਸੀ।
ਉਨ੍ਹਾਂ ਦੇ ਪਹਿਲਾਂ ਦਿੱਤੇ ਵਿਵਾਦਤ ਬਿਆਨਾਂ ਦਾ ਵੀ ਕਾਂਗਰਸ ਲਾਹਾ ਲੈਣ ’ਚ ਲੱਗੀ ਹੈ। ਸਰਕਾਘਾਟ ਦੇ ਵਿਧਾਇਕ ਦਲੀਪ ਠਾਕੁਰ ਨੂੰ ਦੋ ਘੰਟੇ ਤੱਕ ਆਪਣੇ ਘਰ ’ਚ ਇੰਤਜ਼ਾਰ ਕਰਵਾਉਣ ਦਾ ਦੋਸ਼ ਵੀ ਕਾਂਗਰਸ ਲਾ ਰਹੀ ਹੈ। ਕਿਹਾ ਗਿਆ ਹੈ ਕਿ ਵਿਧਾਇਕ ਨੂੰ ਏਨਾ ਇੰਤਜ਼ਾਰ ਕਰਵਾਇਆ ਗਿਆ ਤਾਂ ਆਮ ਲੋਕਾਂ ਦਾ ਕੀ ਹੋਵੇਗਾ।
ਮੰਗਲਵਾਰ ਨੂੰ ਕੰਗਨਾ ਰਣੌਤ ਦਾ ਦਰੰਗ ਹਲਕੇ ਦੇ ਸ਼ਿਵਾਬਦਾਰ ’ਚ ਪ੍ਰੋਗਰਾਮ ਸੀ। ਉਹ ਮਾਤਾ ਘਟਾਸਨੀ ਦੇ ਮੰਦਰ ’ਚ ਮੱਥਾ ਟੇਕਣ ਪਹੁੰਚੀ ਸੀ। ਉੱਥੇ ਇਕ ਸਥਾਨਕ ਲੜਕੀ ਨੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਕੰਗਨਾ ਨੇ ਸੈਲਫੀ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਨਾਲ ਲੜਕੀ ਨੂੰ ਹੋਰਨਾਂ ਲੋਕਾਂ ਦੇ ਸਾਹਮਣੇ ਸ਼ਰਮਿੰਦਗੀ ਮਹਿਸੂਸ ਕਰਨੀ ਪਈ।