ਚੰਡੀਗੜ੍ਹ ਏਅਰਪੋਰਟ ‘ਤੇ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਕਈ ਗਾਇਕਾਂ ਨੇ ਗੀਤ ਤਿਆਰ ਕੀਤੇ ਹਨ ਤੇ ਕਈਆਂ ਨੇ ਰੈਪ ਵੀ ਤਿਆਰ ਕੀਤਾ ਹੈ। ਇੰਨਾ ਹੀ ਨਹੀਂ ਚੰਡੀਗੜ੍ਹ ਦੇ ਵਪਾਰੀ ਨੇ 1 ਲੱਖ ਰੁਪਏ ਅਤੇ ਕਿਸਾਨ ਪਰਿਵਾਰ ‘ਚ ਪੈਦਾ ਹੋਏ ਵਕੀਲ ਨੇ ਮੁਫਤ ‘ਚ ਕੇਸ ਲੜਨ ਦੀ ਗੱਲ ਕੀਤੀ ਹੈ।
ਕਿਸੇ ਨੇ ਲਿਖਿਆ ਗੀਤ, ਕਿਸੇ ਕੀਤਾ ਰੈਪ
ਕੰਗਣਾ ਨਾਲ ਵਾਪਰੀ ਇਸ ਘਟਨਾ ‘ਤੇ ਪੰਜਾਬ ਦੇ ਦੋ ਗਾਇਕ ਅਤੇ ਇੱਕ ਨੌਜਵਾਨ ਰੈਪਰ ਹਨ, ਜਿਨ੍ਹਾਂ ਨੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਦੇ ਹੱਕ ਵਿੱਚ ਗੀਤ ਤਿਆਰ ਕੀਤੇ ਹਨ।
ਪੰਜਾਬੀ ਕਾਰੋਬਾਰੀ ਕੁਲਵਿੰਦਰ ਕੌਰ ਨੂੰ 1 ਲੱਖ ਦੇਣਗੇ
ਇਸ ਦੇ ਨਾਲ ਹੀ ਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਨੇ ਆਪਣੀ ਵੀਡੀਓ ਵਾਇਰਲ ਕਰਕੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ। ਬੈਂਸ ਕਹਿੰਦੇ ਹਨ – CISF-I, ਸਾਡੀ ਭੈਣ ਕੁਲਵਿੰਦਰ ਕੌਰ, ਜਿਸ ਨੇ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਥੱਪੜ ਮਾਰਿਆ, ਮੈਂ ਇਸ ਬੱਚੀ ਨੂੰ ਪੰਜਾਬੀ ਅਤੇ ਪੰਜਾਬੀਅਤ ਬਚਾਉਣ ਲਈ ਦਿਲੋਂ ਸਲਾਮ ਕਰਦਾ ਹਾਂ ਅਤੇ ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੰਦਾ ਹਾਂ।
ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਏ.ਜੀ ਲੜਨਗੇ ਮੁਫਤ ਕੇਸ
ਇਨ੍ਹਾਂ ਸਾਰੀਆਂ ਘਟਨਾਵਾਂ ਦਰਮਿਆਨ ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਅਟਾਰਨੀ ਜਨਰਲ ਦਵਿੰਦਰ ਪ੍ਰਤਾਪ ਸਿੰਘ ਨੇ ਕਿਹਾ- ਮੈਨੂੰ ਮੀਡੀਆ ਰਾਹੀਂ ਚੰਡੀਗੜ੍ਹ ਦੀ ਘਟਨਾ ਦੀ ਜਾਣਕਾਰੀ ਮਿਲੀ ਹੈ। ਜਿਸ ਵਿੱਚ ਇੱਕ ਮਹਿਲਾ ਕੁਲਵਿੰਦਰ ਕੌਰ ਨੇ ਮੰਡੀ ਦੀ ਸੰਸਦ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਵਿਚ ਮੈਂ ਕੁਲਵਿੰਦਰ ਕੌਰ ਨੂੰ ਆਪਣੀਆਂ ਸੇਵਾਵਾਂ ਦੇਣੀਆਂ ਚਾਹੁੰਦਾ ਹਾਂ। ਜੇਕਰ ਮੇਰੀ ਭੈਣ ਕੁਲਵਿੰਦਰ ਕੌਰ ਨੂੰ ਮੇਰੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਮਦਦ ਦੀ ਲੋੜ ਹੈ ਤਾਂ ਮੈਂ ਸੇਵਾਵਾਂ ਦੇਣਾ ਚਾਹੁੰਦਾ ਹਾਂ। ਮੇਰੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁਲਵਿੰਦਰ ਕੌਰ ਇੱਕ ਕਿਸਾਨ ਪਰਿਵਾਰ ਵਿੱਚੋਂ ਹੈ ਅਤੇ ਮੈਂ ਇਸ ਸਮਾਜ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਮੈਂ ਵੀ ਇੱਕ ਕਿਸਾਨ ਪਰਿਵਾਰ ਵਿੱਚੋਂ ਹਾਂ। ਇਹਨਾਂ ਹਾਲਾਤਾਂ ਵਿੱਚ ਜੇਕਰ ਮੇਰੀ ਭੈਣ ਨੂੰ ਮੇਰੀ ਮਦਦ ਦੀ ਲੋੜ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੀ ਹੈ।
ਕਿਸਾਨ ਆਗੂ ਆਏ ਹੱਕ ‘ਚ
ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰੇ ਜਾਣ ਤੋਂ ਬਾਅਦ ਕੰਗਣਾ ਰਨੌਤ ਦੇ ਬਿਆਨ ਉਤੇ ਮਾਨਸਾ ਦੇ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਨੇ ਕਿਹਾ ਕਿ ਉਹ ਕੁਲਵਿੰਦਰ ਕੌਰ ਬੇਟੀ ਦੇ ਨਾਲ ਹਨ ਤੇ ਜੇਕਰ ਕਿਸੇ ਨੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੀਆਂ।
ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅੱਜ ਏਅਰਪੋਰਟ ਤੇ ਕੰਗਣਾ ਰਨੌਤ ਜੋ ਕਿ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਦੇ ਸਮੇਂ ਔਰਤਾਂ ਨੂੰ 100-100 ਰੁਪਏ ਦਿਹਾੜੀ ਉਤੇ ਆਉਣ ਵਾਲੀਆਂ ਬੋਲਦੀ ਸੀ ਉਸ ਖਿਲਾਫ ਅੱਜ ਸਾਡੀ ਧੀ ਕੁਲਵਿੰਦਰ ਕੌਰ ਨੇ ਗੁੱਸਾ ਜ਼ਾਹਿਰ ਕਰਦੇ ਹੋਏ ਥੱਪੜ ਮਾਰਿਆ ਹੈ ਪਰ ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿੱਚ ਸਾਡੇ ਬੱਚੇ ਅੱਜ ਵੀ ਮੌਜੂਦ ਹਨ ਅਤੇ ਉਹ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਕੰਗਣਾ ਰਨੌਤ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਤੇ ਨਕਸਲਵਾਦ ਨੂੰ ਕਿਵੇਂ ਖਤਮ ਕਰੀਏ ਇਹ ਉਸ ਦਾ ਬਿਆਨ ਨਿੰਦਣਯੋਗ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਸਿੱਖਾਂ ਨੂੰ ਆਪਣੇ ਵਿਰੋਧੀ ਮੰਨਦੀ ਹੈ ਅਤੇ ਪੰਜਾਬ ਦੇ ਵਿੱਚ ਅੱਤਵਾਦ ਵਰਗੇ ਹਾਲਾਤ ਫਿਰ ਤੋਂ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਫਿਰ ਵੀ ਜੇਕਰ ਸਾਡੀ ਧੀ ਕੁਲਵਿੰਦਰ ਕੌਰ ਦੇ ਨਾਲ ਕਿਸੇ ਵੀ ਸ਼ਖਸ ਨੇ ਧੱਕੇਸ਼ਾਹੀ ਜਾਂ ਉਸ ਤੇ ਕੋਈ ਹੋਰ ਤਰ੍ਹਾਂ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਜਥੇਬੰਦੀਆਂ ਉਸ ਦਾ ਹਮੇਸ਼ਾ ਸਾਥ ਦੇਣਗੀਆਂ ਅਤੇ ਸੰਘਰਸ਼ ਕਰਨ ਦੇ ਲਈ ਵੀ ਤਿਆਰ ਰਹਿਣਗੀਆਂ।
ਦੱਸ ਦਈਏ ਕਿ ਕੱਲ ਦੇਰ ਸ਼ਾਮ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ CISF ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਥੱਪੜ ਜੜ ਦਿੱਤਾ ਸੀ। ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ‘ਤੇ ਐਕਸ਼ਨ ਲਿਆ ਗਿਆ ਹੈ। ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਭਾਜਪਾ ਅਤੇ ਨੇਤਾ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਸੀਆਈਐਸਐਫ ਨੇ ਮਹਿਲਾ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਉਸ ਦੇ ਖਿਲਾਫ ਸਥਾਨਕ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਲਈ ਸ਼ਿਕਾਇਤ ਦਿੱਤੀ ਗਈ ਹੈ।