India Punjab

ਸੰਸਦ ਦੇ ਭਾਸ਼ਣ ’ਤੇ ਕੰਗਨਾ ਨੇ ਰਾਹੁਲ ਨੂੰ ਘੇਰਿਆ- “ਰਾਹੁਲ ਗਾਂਧੀ ਨੂੰ ਤੁਰੰਤ ਇਲਾਜ ਕਰਵਾਉਣਾ ਚਾਹੀਦਾ!” ਰਾਜਾ ਵੜਿੰਗ ਨੇ ਦਿੱਤਾ ਜਵਾਬ

ਬਿਉਰੋ ਰਿਪੋਰਟ: ਬੀਤੇ ਦਿਨ ਲੋਕ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਛੇਵੇਂ ਦਿਨ ਰਾਹੁਲ ਗਾਂਧੀ ਦਾ ਭਾਸ਼ਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਮੋਦੀ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ। ਹੁਣ ਭਾਜਪਾ ਵਾਲੇ ਪਾਸੇ ਤੋਂ ਉਨ੍ਹਾਂ ਦੇ ਭਾਸ਼ਣ ’ਤੇ ਜਵਾਬੀ ਹਮਲੇ ਸ਼ੁਰੂ ਹੋ ਗਏ ਹਨ। ਇਸ ਕੜੀ ’ਚ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੇ ਰਾਹੁਲ ਗਾਂਧੀ ’ਤੇ ਤੰਜ ਕੱਸਿਆ ਹੈ। ਉੱਧਰ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਨੇ ਕੰਗਨਾ ਦੇ ਇਸ ਬਿਆਨ ਦਾ ਜਵਾਬ ਵੀ ਦਿੱਤਾ ਹੈ।

ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੇ ਪਹਿਲੇ ਭਾਸ਼ਣ ਵਿੱਚ ਰਾਹੁਲ ਗਾਂਧੀ ਦੁਆਰਾ ਦਿੱਤੇ ਗਏ ਸਾਰੇ ਗੈਰ-ਜ਼ਿੰਮੇਵਾਰਾਨਾ ਬਿਆਨਾਂ ਦੇ ਇਲਾਵਾ, ਉਨ੍ਹਾਂ ਇਹ ਵੀ ਕਿਹਾ ਕਿ ਉਹ ਇੱਕ ਰਾਹੁਲ ਨਹੀਂ ਹਨ, ਦਰਅਸਲ ਉਨ੍ਹਾਂ ਵਿੱਚ ਦੋ ਰਾਹੁਲ ਹਨ, ਇੱਕ ਹੁਣ ਸੰਵਿਧਾਨ ਲਈ ਜੀਏਗਾ ਅਤੇ ਦੂਜਾ, ਦੂਜੇ ਨੂੰ ਉਸ ਨੇ ਮਾਰ ਦਿੱਤਾ ਹੈ।

“ਰਾਹੁਲ ਗਾਂਧੀ ਨੂੰ ਇਲਾਜ ਕਰਵਾਉਣਾ ਚਾਹੀਦਾ ਹੈ”

ਕੰਗਨਾ ਰਣੌਤ ਨੇ ਕਿਹਾ ਕਿ ਇਹ ਹਾਸੋਹੀਣੀ ਗੱਲ ਨਹੀਂ ਹੈ, ਰਾਹੁਲ ਗਾਂਧੀ ਨੂੰ ਤੁਰੰਤ ਕੁਝ ਥੈਰੇਪੀ ਸੈਸ਼ਨ ਲੈਣੇ ਚਾਹੀਦੇ ਹਨ। ਬਹੁਤ ਸਾਰੇ ਮਨੋਵਿਗਿਆਨੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਤੁਸੀਂ ਜੋ ਬਣਨਾ ਚਾਹੁੰਦੇ ਹੋ ਉਸ ਦੇ ਇਲਾਵਾ ਕਿਸੇ ਹੋਰ ਵਰਗਾ ਬਣਨ ਦਾ ਪਰਿਵਾਰ ਜਾਂ ਮਾਂ ਦਾ ਦਬਾਅ ਇਸ ਤਰ੍ਹਾਂ ਦੀ ਪਛਾਣ ਦਾ ਸੰਕਟ ਦੇ ਸਕਦਾ ਹੈ।

ਰਾਹੁਲ ਗਾਂਧੀ ਦੇ ਉਸ ਬਿਆਨ ਵਿੱਚ ਬਹੁਤ ਵਿਰੋਧਾਭਾਸ, ਟਕਰਾਅ ਅਤੇ ਦਰਦ ਹੈ। ਇਸ ਤਰ੍ਹਾਂ ਦੇ ਬਿਆਨ ਬਿਲਕੁਲ ਚਿੰਤਾਜਨਕ ਹਨ ਅਤੇ ਮੈਂ ਸੰਸਦ ਵਿੱਚ ਇਸ ਤਰ੍ਹਾਂ ਦੇ ਵਿਵਹਾਰ ਦੇ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਸੋਚਣਾ ਬੰਦ ਨਹੀਂ ਕਰ ਸਕਦੀ।

“ਰਾਹੁਲ ਗਾਂਧੀ ਚੰਗੇ ਸਟੈਂਡਅੱਪ ਕਾਮੇਡੀਅਨ”

ਕੰਗਨਾ ਰਣੌਤ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇੱਕ ਚੰਗੇ ਸਟੈਂਡਅੱਪ ਕਾਮੇਡੀਅਨ ਵਜੋਂ ਕੰਮ ਕੀਤਾ ਕਿਉਂਕਿ ਉਨ੍ਹਾਂ ਨੇ ਸਾਡੇ ਸਾਰੇ ਦੇਵੀ-ਦੇਵਤਿਆਂ ਨੂੰ ਕਾਂਗਰਸ ਦਾ ਬ੍ਰਾਂਡ ਅੰਬੈਸਡਰ ਬਣਾ ਦਿੱਤਾ ਹੈ। ਭਗਵਾਨ ਸ਼ਿਵ ਦਾ ਆਸ਼ੀਰਵਾਦ ਕਾਂਗਰਸ ਦੇ ਹੱਥ ਹੈ, ਇਹ ਉਨ੍ਹਾਂ ਦੇ ਬਿਆਨ ਹਨ, ਇਹ ਉਨ੍ਹਾਂ ਦਾ ਭਾਸ਼ਣ ਸੀ, ਜਿਸ ਕਾਰਨ ਅਸੀਂ ਪਹਿਲਾਂ ਹੀ ਹੱਸ ਰਹੇ ਸੀ। ਮੈਨੂੰ ਲੱਗਦਾ ਹੈ ਕਿ ਉਸ ਨੂੰ ਆਪਣੇ ਬਿਆਨਾਂ ਲਈ ਮੁਆਫੀ ਮੰਗਣੀ ਚਾਹੀਦੀ ਹੈ।

ਕੰਗਨਾ ਦੇ ਇਸ ਬਿਆਨ ’ਤੇ ਰਾਜਾ ਵੜਿੰਗ ਨੇ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ਕੰਗਨਾ ਤੁਸੀਂ ਉਹੀ ਨਫ਼ਰਤ ਫੈਲਾਉਣ ਵਾਲੇ ਹੋ ਜਿਨ੍ਹਾਂ ਬਾਰੇ ਰਾਹੁਲ ਗਾਂਧੀ ਜੀ ਨੇ ਗੱਲ ਕੀਤੀ ਸੀ। ਤੁਹਾਨੂੰ ਤੁਹਾਡਾ ਤਰੀਕਾ ਸੁਧਾਰਨਾ ਹੋਵੇਗਾ।

ਇਹ ਵੀ ਪੜ੍ਹੋ – ਮੂਸੇਵਾਲਾ ਦੇ ਪਿਤਾ ਨੇ ਕੇਂਦਰ ਸਰਕਾਰ ਤੋਂ ਪੁੱਛੇ ਸਵਾਲ, ਕੀਤੀ ਮੂਸੇਵਾਲਾ ਦੇ ਇਨਸਾਫ ਦੀ ਮੰਗ