India Punjab

ਕੰਗਨਾ ਦੀ ਜ਼ੁਬਾਨ ਨੇ ਇਕ ਵਾਰ ਫਿਰ ਛਿੱਲੇ ਪੰਜਾਬੀਆਂ ਦੇ ਜ਼ਖਮ (ਵੀਡੀਓ)

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਆਪਣੇ ਸੋਸ਼ਲ ਮੀਡੀਆ ਉੱਤੇ ਬੇਤੁਕੇ ਬਿਆਨਾਂ ਲਈ ਮਸ਼ਹੂਰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾਂ ਕੰਗਨਾ ਰਨੌਤ ਨੇ ਇਕ ਵਾਰ ਫਿਰ ਆਪਣੇ ਬਿਆਨ ਨਾਲ ਪੰਜਾਬੀਆਂ ਦੇ ਹਿਰਦੇ ਛਿੱਲਣ ਦੀ ਕੋਝੀ ਹਰਕਤ ਕੀਤੀ ਹੈ। ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਐਲਾਨ ਤੋਂ ਬਾਅਦ ਲਗਾਤਾਰ ਕੰਗਨਾ ਤਕਲੀਫ ਵਿੱਚ ਹੈ ਤੇ ਸਰਕਾਰ ਦੇ ਇਸ ਫੈਸਲੇ ਤੋਂ ਖਫਾ ਹੋਈ ਇਹ ਅਭਿਨੇਤਰੀ ਕਹਿੰਦੀ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਤੇ ਦੁਖਦ ਹੈ। ਮੋਦੀ ਸਰਕਾਰ ਨੂੰ ਇਹ ਐਲਾਨ ਕਰਨਾ ਨਹੀਂ ਚਾਹੀਦਾ ਸੀ।

ਕੰਗਨਾ ਦਾ ਇਕ ਦਿਨ ਪੁਰਾਣਾ ਬਿਆਨ ਦੇਖੀਏ ਤਾਂ ਉਹ ਕਿਸਾਨਾਂ ਨੂੰ ਅੰਦਰਖਾਤੇ ਇਹ ਕਹਿਣਾ ਚਾਹੁੰਦੀ ਹੈ ਕਿ ਹੁਣ ਗਲੀਆਂ ਵਿੱਚ ਬੈਠੇ ਲੋਕ ਕਾਨੂੰਨ ਬਣਾਉਣ ਲੱਗੇ ਹਨ, ਪਰ ਕੰਗਨਾ ਇਹ ਭੁੱਲ ਗਈ ਹੈ ਕਿ ਖੇਤਾਂ ਵਿੱਚੋਂ ਕੰਮਕਾਰ ਛੱਡ ਕੇ ਉੱਠੇ ਲੋਕਾਂ ਨੇ ਕਾਨੂੰਨ ਦਾ ਵਿਰੋਧ ਕੀਤਾ ਹੈ, ਕਾਨੂੰਨ ਮੋਦੀ ਸਰਕਾਰ ਦੀ ਦੇਣ ਹੈ ਤੇ ਲੋਕਤੰਤਰ ਦੀ ਇਹੀ ਖੂਬਸੂਰਤੀ ਹੈ ਕਿ ਜੋ ਚੀਜ ਚੰਗੀ ਨਹੀਂ, ਉਸਨੂੰ ਜਨਤਕ ਹਿੱਤ ਦੇਖ ਕੇ ਵਿਰੋਧ ਕਰੋ ਤੇ ਰੱਦ ਕਰਵਾ ਦਿਓ, ਕਿਸਾਨ ਵੀ ਇਹੀ ਸੋਚ ਕੇ ਇਕ ਸਾਲ ਤੋਂ ਲੜਾਈ ਲੜ ਰਹੇ ਹਨ।

ਹੁਣ ਕੰਗਨਾ ਨੇ ਬਹੁਤ ਹੀ ਸ਼ਰਮਸ਼ਾਰ ਕਰਨ ਵਾਲੀ ਭਾਸ਼ਾ ਤੇ ਚੁੰਭਵੇਂ ਬਿਆਨ ਨਾਲ ਪੰਜਾਬ ਨੂੰ ਵੰਗਾਰਿਆ ਹੈ। ਪੂਰੇ ਦੇਸ਼ ਸਣੇ ਪੰਜਾਬ ਦੇ ਵੱਡੇ ਪਰਦਿਆਂ ਉੱਤੇ ਆਪਣੀਆਂ ਫਿਲਮਾਂ ਵੇਚ ਕੇ ਰੋਟੀ ਖਾਣ ਵਾਲੀ ਇਸ ਅਦਾਕਾਰਾ ਦਾ ਬਿਆਨ ਠੀਕ ਇਸੇ ਤਰ੍ਹਾਂ ਹੈ, ਜਿਵੇਂ ਕੋਈ ਰੋਟੀ ਨੂੰ ਚੋਚੀ ਆਖਣਾ ਸ਼ੁਰੂ ਕਰ ਦੇਵੇ। ਕੰਗਨਾ ਨੇ ਇਸ ਵਾਰ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਇੰਦਰਾ ਗਾਂਧੀ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਚਲਾਈ ਹੈ।

ਉਸਦੀ ਇੰਸਟਾਗ੍ਰਾਮ ਸਟੋਰੀ ਦੇਖੀ ਜਾਵੇ ਤਾਂ ਇੰਦਰਾ ਗਾਂਧੀ ਦੇ ਕਸੀਦੇ ਪੜ੍ਹ ਰਹੀ ਹੈ। ਇਸਨੇ ਸੋਸ਼ਲ ਮੀਡੀਆ ’ਤੇ ਇੰਦਰਾ ਗਾਂਧੀ ਦੀ ਤਸਵੀਰ ਸਾਂਝੀ ਕਰਦਿਆਂ ਹੇਠਾਂ ਲਿਖਿਆ ਹੈ….‘ਖਾਲਿਸਤਾਨੀ ਅਤਿਵਾਦੀ ਅੱਜ ਭਾਵੇਂ ਸਰਕਾਰ ਦੀ ਬਾਂਹ ਮਰੋੜ ਰਹੇ ਹੋਣ ਪਰ ਉਸ ਔਰਤ ਨੂੰ ਨਾ ਭੁੱਲਣਾ। ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠਾਂ ਕੁਚਲ ਦਿੱਤਾ ਸੀ। ਉਸ ਨੇ ਇਸ ਦੇਸ਼ ਨੂੰ ਕਿੰਨੀ ਵੀ ਤਕਲੀਫ ਦਿੱਤੀ ਹੋਵੇ। ਉਸ ਨੇ ਆਪਣੀ ਜਾਨ ਦੀ ਕੀਮਤ ’ਤੇ ਇਨ੍ਹਾਂ ਨੂੰ ਮੱਛਰਾਂ ਦੀ ਤਰ੍ਹਾਂ ਮਸਲ ਦਿੱਤਾ ਪਰ ਦੇਸ਼ ਦੇ ਟੁੱਕੜੇ ਨਹੀਂ ਹੋਣ ਦਿੱਤੇ। ਉਨ੍ਹਾਂ ਦੀ ਮੌਤ ਤੋਂ ਦਹਾਕੇ ਬਾਅਦ ਇਹ ਅੱਜ ਵੀ ਉਸ ਨਾਂ ਨਾਲ ਕੰਬਦੇ ਹਨ । ਇਨ੍ਹਾਂ ਨੂੰ ਉਹੋ ਜਿਹਾ ਹੀ ਗੁਰੂ ਚਾਹੀਦਾ ਹੈ। ਖਾਲਿਸਤਾਨੀ ਅੰਦੋਲਨ ਦੇ ਉਭਾਰ ਨਾਲ ਉਨ੍ਹਾਂ ਦੀ ਕਹਾਣੀ ਪਹਿਲਾਂ ਤੋਂ ਵੱਧ ਪ੍ਰਸੰਗਿਕ ਹੈ। ਬਹੁਤ ਜਲਦੀ ਤੁਹਾਡੇ ਲਈ ਲੈ ਕੇ ਆ ਰਹੇ ਹਨ#ਐਮਰਜੈਂਸੀ।’

ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਲਿਖਿਆ, ‘ਜੇਕਰ ਧਰਮ ਬੁਰਾਈ ’ਤੇ ਜਿੱਤ ਹਾਸਲ ਕਰਦਾ ਹੈ ਤਾਂ ਉਹ ਉਸ ਨੂੰ ਬੇਅਸਰ ਕਰ ਦਿੰਦਾ ਹੈ ਪਰ ਜਦੋਂ ਬੁਰਾਈ ਧਰਮ ’ਤੇ ਜਿੱਤ ਹਾਸਲ ਕਰਦੀ ਹੈ ਤਾਂ ਉਹ ਵੀ ਬੁਰਾਈ ਬਣ ਜਾਂਦੀ ਹੈ। ਗਲਤ ਦਾ ਸਾਥ ਦੇਣਾ ਤੁਹਾਨੂੰ ਵੀ ਗਲਤ ਬਣਾ ਦਿੰਦਾ ਹੈ।’

ਕੰਗਨਾ ਦੇ ਦਿਮਾਗ ਦਾ ਇਲਾਜ ਕਰਾਵੇ ਇਸਦਾ ਪਰਿਵਾਰ

ਕੰਗਨਾ ਨੇ ਬਿਆਨ ਤਾਂ ਦੇ ਦਿੱਤਾ ਹੈ, ਪਰ ਇਹ ਹੁਣ ਕਿੰਨਾ ਭੁਗਤਣਾ ਪੈਣਾ ਹੈ, ਇਹ ਸ਼ਾਇਦ ਕੰਗਨਾ ਦੀ ਅਕਲ ਵਿੱਚ ਨਾ ਆਉਂਦਾ ਹੋਵੇ। ਸਿੰਘੂ ਬਾਰਡਰ ਪੂਰੇ ਇਕ ਸਾਲ ਤੋਂ ਕਿਸਾਨੀ ਮੋਰਚੇ ਵਿੱਚ ਡਟੇ ਸਰਪੰਚ ਮਲਕੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਕੰਗਨਾ ਨੂੰ ਤਾਂ ਹੁਣ ਕਹਿਣਾ ਕੀ ਹੈ, ਹਾਂ..ਇਸਦੇ ਪਰਿਵਾਰ ਨੂੰ ਜਰੂਰ ਸਲਾਹ ਦਿੰਦੇ ਹਾਂ ਕਿ ਇਸਦੇ ਦਿਮਾਗ ਦਾ ਬਿਨਾਂ ਦੇਰੀ ਇਲਾਜ ਕਰਵਾਉਣ। ਮੁਬੰਈ ਤੇ ਭਾਰਤ ਵਿੱਚ ਬੜੇ ਮਸ਼ਹੂਰ ਡਾਕਟਰ ਹਨ ਜੋ ਮਾਨਸਿਕ ਰੋਗੀਆਂ ਦਾ ਇਲਾਜ ਕਰਦੇ ਹਨ। ਉਨ੍ਹਾਂ ਇਹ ਹੋਰ ਆਫਰ ਦਿੱਤਾ ਹੈ ਕਿ ਜੇਕਰ ਪਰਿਵਾਰ ਕੋਲ ਇਸਦੇ ਇਲਾਜ ਲਈ ਪੈਸੇ ਨਹੀਂ ਹਨ, ਤਾਂ ਉਹ ਇਹ ਵਿੱਤੀ ਮਦਦ ਦੇਣ ਲਈ ਵੀ ਤਿਆਰ ਹਨ ਤਾਂ ਕਿ ਕੰਗਨਾ ਨੌ ਬਰ ਨੌ ਹੋ ਸਕੇ। ਮਲਕੀਤ ਸਿੰਘ ਨੇ ਕਿਹਾ ਹੈ ਕਿ ਕੰਗਨਾ ਮਾਨਸਿਕ ਪੀੜਾ ਝੱਲਦੀ ਇਹ ਬਿਆਨ ਦੇ ਕੇ ਦੇਸ਼ ਨੂੰ ਤੋੜਨ ਤੇ ਪਾੜੇ ਪਾਉਣ ਵਾਲੀਆਂ ਗੱਲ ਕਹਿ ਰਹੀ ਹੈ, ਉਸਦਾ ਜਿੰਨਾ ਇਲਾਜ ਜਰੂਰੀ ਹੈ, ਉਨਾਂ ਹੀ ਜਰੂਰੀ ਹੈ ਕਿ ਉਸਦਾ ਪੁਰਸਕਾਰ ਵੀ ਲੈ ਲਿਆ ਜਾਵੇ।

ਕੰਗਨਾ ਨੂੰ ਪਾਗਲਖਾਨੇ ਜਾਂ ਜੇਲ੍ਹ ਵਿੱਚ ਹੋਣਾ ਚਾਹੀਦਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਕੰਗਨਾ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਤੇ ਸਰਕਾਰ ਤੋਂ ਉਸ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ‘ਉਸ ਨੂੰ ਪਾਗਲਖਾਨੇ ਜਾਂ ਜੇਲ੍ਹ ’ਚ ਹੋਣਾ ਚਾਹੀਦਾ ਹੈ। ਅਸੀਂ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਨਫਰਤੀ ਸਮੱਗਰੀ ਲਈ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ।

ਉੱਧਰ, ਇੰਡੀਅਨ ਯੂਥ ਕਾਂਗਰਸ ਨੇ ਵੀ ਇਸ ਅਦਾਕਾਰਾ ਦੇ ਖਿਲਾਫ ਸੋਸ਼ਲ ਮੀਡੀਆ ’ਤੇ ਦੇਸ਼ ਵਿਰੋਧੀ ਟਿੱਪਣੀਆਂ ਕਰਨ ਦਾ ਦੋਸ਼ ਲਾਇਆ ਹੈ। ਯੂਥ ਕਾਂਗਰਸ ਦੇ ਕੌਮੀ ਸਕੱਤਰ ਅਮਰੀਕ ਰੰਜਨ ਪਾਂਡੇ ਤੇ ਜਥੇਬੰਦੀ ਦੇ ਲੀਗਲ ਸੈੱਲ ਦੇ ਕੋ-ਕੋਆਰਡੀਨੇਸਟਰ ਅੰਬੁਜ ਦੀਕਸ਼ਿਤ ਨੇ ਸੰਸਦੀ ਸਟ੍ਰੀਟ ਥਾਣੇ ’ਚ ਕੰਗਨਾ ਖਿਲਾਫ ਸ਼ਿਕਾਇਤ ਦਿੱਤੀ ਹੈ।

ਵੈਸੇ ਇਕ ਗੱਲ ਤਾਂ ਪੱਕੀ ਹੈ, ਕੋਈ ਬੰਦਾ ਉਦੋਂ ਤੱਕ ਜਬਾਨ ਨਹੀਂ ਖੋਲ੍ਹਦਾ, ਜਦੋਂ ਤੱਕ ਉਸਦੀ ਪਿੱਠ ਪਿੱਛੇ ਕੋਈ ਵੱਡਾ ਥਾਪੜਾ ਨਾ ਹੋਵੇ ਤੇ ਕੰਗਨਾ ਨੇ ਜੋ ਹੁਣ ਤੱਕ ਬਿਆਨ ਦਿੱਤੇ ਹਨ, ਉਹਨਾਂ ਨੂੰ ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਗੰਭੀਰਤਾ ਨਾਲ ਲਿਆ ਜਾਵੇ। ਹੁਣ ਤੱਕ ਇਹੀ ਸੋਚਿਆ ਜਾ ਰਿਹਾ ਸੀ ਕਿ ਕੰਗਨਾ ਫੇਮ ਲੈਣ ਲਈ ਇਹ ਕਰ ਰਹੀ ਹੈ, ਪਰ ਸਰਕਾਰ ਵੱਲੋਂ ਉਸਦੀ ਜਬਾਨ ਰੋਕਣ ਲਈ ਨਾ ਲਿਆ ਗਿਆ ਇਕ ਵੀ ਫੈਸਲਾ ਇਸ ਗੱਲ ਦਾ ਸਬੂਤ ਹੈ ਕਿ ਅੰਦਰਖਾਤੇ ਉਸਨੂੰ ਪੂਰਾ ਥਾਪੜਾ ਹੈ ਕਿ ਜੋ ਮੂੰਹ ਆਵੇ ਬੋਲੋ, ਕੋਈ ਵਾਲ ਵਿੰਗਾ ਨਹੀਂ ਕਰੇਗਾ। ਕੰਗਨਾ ਜੋ ਮਰਜੀ ਖਿਚੜੀ ਪਕਾ ਰਹੀ ਹੋਵੇ, ਸੋਸ਼ਲ ਮੀਡੀਆ ਤੇ ਖਾਸਕਰ ਮੀਡੀਆ ਨੂੰ ਹੁਣ ਇਸ ਪ੍ਰਤੀ ਗੰਭੀਰਤਾ ਦਿਖਾਉਣ ਦੀ ਲੋੜ ਹੈ ਤਾਂ ਜੋ ਦੇਸ਼, ਭਾਈਚਾਰੇ ਤੇ ਲੋਕਾਂ ਦੀਆਂ ਆਤਮਿਕ ਸਾਂਝਾਂ ਵਿੱਚ ਪਾੜ ਪਾਉਣ ਵਾਲੀਆਂ ਇਨ੍ਹਾਂ ਸੂਲਾਂ ਦੇ ਮੂੰਹ ਮੋੜੇ ਜਾਣ ਤਾਂ ਜੋ ਕੋਈ ਆਪਣੀ ਜੈੱਡ ਸਿਕਿਊਰਿਟੀ ਤੇ ਸਰਕਾਰੇ ਦਰਬਾਰੇ ਪੁੱਛ ਪੜਤਾਲ ਦੀ ਹੈਂਕੜ ਲੋਕ ਮਨਾਂ ਵਿੱਚ ਨਫਰਤ ਬੀਜਣ ਲਈ ਨਾ ਵਰਤ ਸਕੇ।