ਬਠਿੰਡਾ ਅਦਾਲਤ ਵਿੱਚ ਸਾਂਸਦ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਪੇਸ਼ੀ 2021 ਦੇ ਇੱਕ ਮਾਮਲੇ ਸਬੰਧੀ ਹੋਈ, ਜੋ ਕਿਸਾਨ ਅੰਦੋਲਨ ਨਾਲ ਜੁੜਿਆ ਸੀ। ਇਸ ਮਾਮਲੇ ਵਿੱਚ ਕੰਗਨਾ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਅਪਮਾਨਜਨਕ ਟਵੀਟ ਕੀਤਾ ਸੀ।
ਪੇਸ਼ੀ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੰਗਨਾ ਨੇ ਕਿਹਾ ਕਿ ਉਸ ਦੀ ਟਿੱਪਣੀ ਅਣਜਾਣੇ ਵਿੱਚ ਹੋਈ ਅਤੇ ਇਸ ਲਈ ਉਸ ਨੂੰ ਅਫਸੋਸ ਹੈ। ਉਸ ਨੇ ਮੁਆਫੀ ਮੰਗਦਿਆਂ ਕਿਹਾ ਕਿ ਸਾਰੀਆਂ ਬਜ਼ੁਰਗ ਮਾਵਾਂ ਉਸ ਲਈ ਸਤਿਕਾਰਯੋਗ ਹਨ, ਭਾਵੇਂ ਉਹ ਹਿਮਾਚਲ ਜਾਂ ਪੰਜਾਬ ਦੀਆਂ ਹੋਣ। ਕੰਗਨਾ ਨੇ ਦੱਸਿਆ ਕਿ ਇਹ ਇੱਕ ਗਲਤਫਹਿਮੀ ਸੀ ਅਤੇ ਉਸ ਨੇ ਮਹਿੰਦਰ ਕੌਰ ਨੂੰ ਸੁਨੇਹਾ ਭੇਜ ਕੇ ਸਪੱਸ਼ਟ ਕੀਤਾ ਕਿ ਉਸ ਦਾ ਇਰਾਦਾ ਅਪਮਾਨ ਕਰਨਾ ਨਹੀਂ ਸੀ। ਉਸ ਨੇ ਇਹ ਵੀ ਕਿਹਾ ਕਿ ਉਸ ਨੇ ਸਿਰਫ਼ ਇੱਕ ਵਕੀਲ ਦੀ ਪੋਸਟ ਨੂੰ ਰੀਟਵੀਟ ਕੀਤਾ ਸੀ ਅਤੇ ਇਸ ਮਾਮਲੇ ਨਾਲ ਉਸ ਦਾ ਸਿੱਧਾ ਕੋਈ ਲੈਣਾ-ਦੇਣਾ ਨਹੀਂ ਸੀ।
ਕੰਗਨਾ ਨੇ ਕਿਹਾ ਹੈ ਕਿ ਅਪਮਾਨਯੋਗ ਟਿੱਪਣ ਲਈ ਮੈਨੂੰ ਅਫਸੋਸ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੀਆਂ ਬਜ਼ੁਰਗ ਮਾਵਾਂ ਮੇਰੇ ਲਈ ਸਤਿਕਾਰਯੋਗ ਹਨ। ਕੰਗਨਾ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਟਿੱਪਣੀ ਨੂੰ ਇਸ ਤਰ੍ਹਾਂ ਦਰਸਾਇਆ ਜਾਵੇਗਾ। ਉਸ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਮਹਿੰਦਰ ਕੌਰ ਦੇ ਪਤੀ ਨਾਲ ਵੀ ਗੱਲ ਕੀਤੀ ਅਤੇ ਸਪੱਸ਼ਟ ਕੀਤਾ ਕਿ ਇਹ ਇੱਕ ਮੀਮ ਸੀ ਜਿਸ ਨੂੰ ਉਸ ਨੇ ਅਗਾਂਹ ਵਧਾਇਆ ਸੀ। ਕੰਗਨਾ ਨੇ ਮੁਆਫੀ ਮੰਗਦਿਆਂ ਕਿਹਾ ਕਿ ਉਹ ਦੇਸ਼ ਦੇ ਸਾਰੇ ਲੋਕਾਂ ਦਾ ਸਤਿਕਾਰ ਕਰਦੀ ਹੈ ਅਤੇ ਗਲਤਫਹਿਮੀ ਲਈ ਅਫਸੋਸ ਪ੍ਰਗਟ ਕਰਦੀ ਹੈ।
ਕੰਗਨਾ ਰਣੌਤ ਨੇ ਮਹਿਲਾ ਕਿਸਾਨਾਂ ‘ਤੇ ਟਿੱਪਣੀ ਕੀਤੀ ਸੀ
ਕੰਗਨਾ ਨੇ ਟਵੀਟ ਵਿੱਚ ਦਾਅਵਾ ਕੀਤਾ ਸੀ ਕਿ ਮਹਿੰਦਰ ਕੌਰ ਨੇ 100 ਰੁਪਏ ਲੈ ਕੇ ਕਿਸਾਨ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ। ਇਸ ਟਵੀਟ ਵਿੱਚ ਉਸ ਨੇ ਇੱਕ ਬਜ਼ੁਰਗ ਔਰਤ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਸੀ ਕਿ ਇਹ ਉਹੀ “ਦਾਦੀ” ਹੈ ਜਿਸ ਨੂੰ ਟਾਈਮ ਮੈਗਜ਼ੀਨ ਨੇ ਭਾਰਤ ਦੀ ਸ਼ਕਤੀਸ਼ਾਲੀ ਔਰਤ ਵਜੋਂ ਦਰਸਾਇਆ ਸੀ ਅਤੇ ਉਹ “100 ਰੁਪਏ ਵਿੱਚ ਉਪਲਬਧ” ਹੈ। ਇਸ ਟਿੱਪਣੀ ਨੂੰ ਮਹਿੰਦਰ ਕੌਰ ਨੇ ਅਪਮਾਨਜਨਕ ਮੰਨਿਆ ਅਤੇ ਅਦਾਲਤ ਵਿੱਚ ਕੰਗਨਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ।

