ਬਿਉਰੋ ਰਿਪੋਰਟ : ਦਿੱਲੀ ਦੀ ਸੈਸ਼ਨ ਕੋਰਟ ਵੱਲੋਂ 84 ਨਸਲਕੁਸ਼ੀ ਦੇ ਕੇਸ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਨੂੰ ਅਗਾਊਂ ਜ਼ਮਾਨਤ ਮਿਲਣ ‘ਤੇ ਸਿੱਖ ਭਾਈਚਾਰੇ ਵਿੱਚ ਕਾਫ਼ੀ ਵਿਰੋਧ ਵੇਖਿਆ ਜਾ ਰਿਹਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਚੱਲੀ ਅਦਾਲਤ ਦੇ ਫ਼ੈਸਲੇ ਨੂੰ ਹਾਈਕੋਰਟ ਵਿੱਚ ਚੁਨੌਤੀ ਦੇਣ ਦਾ ਐਲਾਨ ਕੀਤਾ ਹੈ । ਉੱਧਰ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਵੀ ਇਸ ‘ਤੇ ਸਖ਼ਤ ਬਿਆਨ ਜਾਰੀ ਕਰਦੇ ਹੋਏ ਕਿਹਾ ਇਸ ਤੋਂ ਪਤਾ ਚੱਲ ਦਾ ਹੈ ਕਿ ਸਾਡੇ ਕੌਮ ਦੇ ਆਗੂਆਂ ਦੀ ਆਵਾਜ਼ ਕਿੰਨੀ ਕਮਜ਼ੋਰ ਹੈ
‘ਅਸੀਂ ਬੇਵੱਸ ਅਤੇ ਲਾਚਾਰ ਹਾਂ’
ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਆਪਣੇ ਫੇਸਬੁਕ ਅਕਾਊਂਟ ‘ਤੇ ਜਗਦੀਸ਼ ਟਾਇਟਲਰ ਨੂੰ ਦਿੱਲੀ ਦੀ ਅਦਾਲਤ ਵੱਲੋਂ ਦਿੱਤੀ ਗਈ ਜ਼ਮਾਨਤ ‘ਤੇ ਕਿਹਾ ‘ਸਾਡੀ ਕੌਮ ਦੇ ਆਗੂਆਂ ਦੀ ਆਵਾਜ਼ ਕਿੰਨੀ ਕਮਜ਼ੋਰ,ਬੇਵੱਸ ਅਤੇ ਲਾਚਾਰ ਹੈ,ਜਿਹੜੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਾਂਗਰਸੀ ਆਗੂਆਂ ਦੇ ਟੋਲੇ ਦੇ ਪ੍ਰਮੁੱਖ ਆਗੂ ਜਗਦੀਸ਼ ਟਾਈਟਲਰ ਨੂੰ ਸਿਰਫ਼ ਗ੍ਰਿਫ਼ਤਾਰ ਕਰਵਾਉਣ ਲਈ ਕਾਨੂੰਨੀ ਸਿਸਟਮ ਤੱਕ ਅਤੇ ਸਰਕਾਰਾਂ ਤੱਕ 39 ਸਾਲਾਂ ਬਾਅਦ ਵੀ ਨਹੀਂ ਪਹੁੰਚ ਰਹੀ। ਇਸੇ ਲਈ ਇਹ ਆਵਾਜ਼ ਵੀਰ ਜੀ ਬਲਵੰਤ ਸਿੰਘ ਰਾਜੋਆਣਾ ਜੀ ਦੇ ਮਾਮਲੇ ਵਿੱਚ ਖ਼ਮੋਸ਼ ਹੈ ਜਿਹੜੇ 28 ਸਾਲਾਂ ਤੋਂ ਜੇਲ੍ਹ ਵਿੱਚ ਅਤੇ 16 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਆਪਣੇ ਕੇਸ ਦੇ ਹੋਣ ਵਾਲੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਇਸ ਕਮਜ਼ੋਰ,ਬੇਵੱਸ ਅਤੇ ਲਾਚਾਰ ਆਵਾਜ਼ ਦੇ ਕਾਰਨ ਹੀ ਪਿਛਲੇ 12 ਸਾਲਾਂ ਤੋਂ ਕੇਂਦਰ ਸਰਕਾਰ ਵੀਰ ਜੀ ਰਾਜੋਆਣਾ ਜੀ ਦੀ ਅਪੀਲ ‘ਤੇ ਕੋਈ ਫ਼ੈਸਲਾ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ। ਇਸ ਨੂੰ ਕੌਮ ਦੀ ਤਰਾਸਦੀ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ।
ਇਸ ਮਾਮਲੇ ਵਿੱਚ ਟਾਈਟਲਰ ਨੂੰ ਮਿਲੀ ਜ਼ਮਾਨਤ
1 ਨਵੰਬਰ 1984 ਨਸਲਕੁਸ਼ੀ ਵਿੱਚ ਦਿੱਲੀ ਦੇ ਪੁਲ ਬੰਗਸ਼ ਗੁਰਦੁਆਰੇ ਦੇ ਬਾਹਰ ਜਗਦੀਸ਼ ਟਾਈਟਲਰ ਨੂੰ ਵੇਖਣ ਦੇ ਮਾਮਲੇ ਵਿੱਚ ਸੀਬੀਆਈ ਕੋਰਟ ਨੇ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਇਸ ਤੋਂ ਬਦ ਮੰਨਿਆ ਜਾ ਰਿਹਾ ਸੀ ਟਾਇਟਲਰ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ ਪਰ ਇਸ ਤੋਂ ਪਹਿਲਾਂ ਹੀ ਉਹ ਅਗਾਊਂ ਜ਼ਮਾਨਤ ਲੈਣ ਲਈ ਕੋਰਟ ਪਹੁੰਚ ਗਿਆ । ਪੁਲ ਬੰਗਸ਼ ਮਾਮਲੇ ਵਿੱਚ ਨਵੇਂ ਗਵਾਹ ਸਾਹਮਣੇ ਆਏ ਸਨ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਟਾਇਟਲਰ ਨੂੰ 1 ਨਵੰਬਰ 1984 ਨੂੰ ਲੋਕਾਂ ਨੂੰ ਸਿੱਖਾਂ ਦੇ ਖ਼ਿਲਾਫ਼ ਭੜਕਾਉਂਦੇ ਹੋਏ ਵੇਖਿਆ ਸੀ। ਨਸਲਕੁਸ਼ੀ ਦੇ ਪੀੜਤਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ 2 ਵਜ੍ਹਾ ਨਾਲ ਜ਼ਮਾਨਤ ਦਾ ਵਿਰੋਧ ਕੀਤਾ ਸੀ । ਪਹਿਲਾਂ ਟਾਇਟਲਰ ਦੇ ਖ਼ਿਲਾਫ਼ ਇਲਜ਼ਾਮ ਗੰਭੀਰ ਹਨ ਅਤੇ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਸੈਸ਼ਨ ਜੱਜ ਵਿਕਾਲ ਦੁੱਲ ਨੇ ਟਾਈਟਲਰ ਨੂੰ ਇਸ ਸ਼ਰਤ ‘ਤੇ ਜ਼ਮਾਨਤ ਦਿੱਤੀ ਹੈ ਕਿ ਉਹ ਕਿਸੇ ਵੀ ਗਵਾਹ ਤੱਕ ਪਹੁੰਚ ਨਹੀਂ ਕਰੇਗਾ ਅਤੇ ਉਨ੍ਹਾਂ ਨੂੰ ਧਮਕੀ ਨਹੀਂ ਦੇਵੇਗਾ । ਇਸ ਤੋਂ ਇਲਾਵਾ 1 ਲੱਖ ਦਾ ਮੁਚੱਲਕਾ ਭਰਨ ਦੇ ਵੀ ਅਦਾਲਤ ਨੇ ਨਿਰਦੇਸ਼ ਦਿੱਤੇ ਸਨ । ਇਸ ਤੋਂ ਪਹਿਲਾਂ 26 ਜੁਲਾਈ ਨੂੰ ਐਡੀਸ਼ਨਲ ਚੀਫ਼ ਮੈਟਰੋਪੋਲੀਟੀਅਨ ਮੈਜਿਸਟ੍ਰੇਟ ਵਿਦੀ ਗੁਪਤਾ ਨੇ ਕਿਹਾ ਟਾਈਟਲਰ ਖ਼ਿਲਾਫ਼ ਜਿਹੜੀ ਚਾਰਜਸ਼ੀਟ ਪੇਸ਼ ਹੋਈ ਹੈ ਉਸ ਨਾਲ ਟਰਾਇਲ ਦੇ ਕੇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ