ਰੋਪੜ : ਸ਼੍ਰੀ ਚਮਕੌਰ ਦੇ ਪਿੰਡ ਭਲਿਆਣ ਵਿੱਚੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਨੇ ਆਪਣੀ ਹੀ ਇੱਕ ਸਾਲ ਦੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿਤਾ ਆਪਣੀ ਬੱਚੀ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਿਆ। ਉੱਥੇ ਡਾਕਟਰ ਨੇ ਬੱਚੀ ਨੂੰ ਮ੍ਰਿਤਕ ਪਾਇਆ।
ਡਾਕਟਰ ਵੱਲੋਂ ਪੁੱਛਣ ‘ਤੇ ਬੱਚੀ ਦੇ ਪਿਤਾ ਨੇ ਬੱਚੀ ਦੇ ਸਰੀਰ ‘ਤੇ ਲੱਗੀਆਂ ਸੱਟਾਂ ਦਾ ਕੋਈ ਸਹੀ ਜਵਾਬ ਨਹੀਂ ਦਿੱਤਾ। ਇਸ ਮਗਰੋਂ ਡਾਕਟਰ ਨੂੰ ਸ਼ੱਕ ਹੋਇਆ। ਇਸ ਦੌਰਾਨ ਬੱਚੀ ਦਾ ਪਿਤਾ ਸਿਕੰਦਰ ਸਿੰਘ ਵਾਰਦਾਤ ਤੋਂ ਬਾਅਦ ਫ਼ਰਾਰ ਹੋ ਗਿਆ।
ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਦੀ ਹੈ। ਪਿਤਾ ਸਿਕੰਦਰ ਸਿੰਘ ਪੁੱਤਰ ਸੁੱਚਾ ਸਿੰਘ ਨੇ ਬੱਚੀ ਦਾ ਗਲ਼ਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਤੇ ਮੰਜੇ ‘ਤੇ ਪਈ ਪਤਨੀ ਸੀਮਾ ਰਾਣੀ ਨੂੰ ਦੱਸਿਆ ਕਿ ਉਹ ਸੁੱਤੀ ਹੋਈ ਸੀ। ਜਦੋਂ ਪਤਨੀ ਨੇ ਦੋ ਘੰਟੇ ਬਾਅਦ ਦੇਖਿਆ ਕਿ ਬੱਚੇ ਨੂੰ ਸਾਹ ਨਹੀਂ ਆ ਰਿਹਾ ਤਾਂ ਉਸ ਨੇ ਹੰਗਾਮਾ ਮਚਾ ਦਿੱਤਾ ਤੇ ਸਾਰਿਆਂ ਨੂੰ ਇਕੱਠਾ ਕਰ ਲਿਆ। ਜਿਸ ਤੋਂ ਬਾਅਦ ਪਿਤਾ ਨੇ ਖ਼ੁਦ ਹੀ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਮੀਆਂਪੁਰ ਦੀ ਰਹਿਣ ਵਾਲੀ ਲੜਕੀ ਦੀ ਮਾਸੀ ਸੁਰਿੰਦਰ ਕੌਰ ਮੁਤਾਬਕ ਪਿਤਾ ਪਹਿਲਾਂ ਵੀ ਲੜਕੀ ਦੀ ਕੁੱਟਮਾਰ ਕਰਦਾ ਸੀ। ਸੀਮਾ ਰਾਣੀ ਦਾ ਪਹਿਲਾਂ ਇਕ ਬੱਚਾ ਸੀ। ਉਸ ਤੋਂ ਬਾਅਦ ਦੋ ਜੁੜਵਾਂ ਕੁੜੀਆਂ ਨੇ ਜਨਮ ਲਿਆ। ਸੀਮਾ ਦੇ ਮਾਤਾ-ਪਿਤਾ ਨੇ ਜੁੜਵਾਂ ਲੜਕੀਆਂ ‘ਚੋਂ ਇਕ ਨੂੰ ਕਿਸੇ ਹੋਰ ਪਰਿਵਾਰ ਨੂੰ ਗੋਦ ਦਿਵਾ ਦਿੱਤਾ ਸੀ।