International

ਸਾਊਦੀ ਅਰਬ ‘ਚ ਮਜ਼ਦੂਰਾਂ ਦੇ ਹੱਕ ‘ਚ ਲਾਗੂ ਹੋਇਆ ‘ਕਫਾਲਾ ਸਪਾਂਸਰਸ਼ਿਪ ਸਿਸਟਮ’

‘ਦ ਖ਼ਾਲਸ ਬਿਊਰੋ :- ਸਾਊਦੀ ਅਰਬ ਨੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਜਿਸ ‘ਕਫਾਲਾ ਸਪਾਂਸਰਸ਼ਿਪ ਸਿਸਟਮ’ ਦਾ ਵਾਅਦਾ ਕੀਤਾ ਸੀ, ਉਹ ਅੱਜ ਸਾਊਦੀ ਅਰਬ ਵਿੱਚ ਅਧਿਕਾਰਤ ਰੂਪ ਵਿੱਚ ਲਾਗੂ ਹੋ ਗਿਆ ਹੈ। ਇਸ ਨਾਲ ਮਜ਼ਦੂਰਾਂ ਦੇ ਜੀਵਨ ‘ਤੇ ਨੌਕਰੀ ਦੇਣ ਵਾਲੇ ਵਿਅਕਤੀ ਜਾਂ ਕੰਪਨੀ ਦਾ ਨਿਯੰਤਰਣ ਘੱਟ ਹੋ ਜਾਵੇਗਾ। ਜਾਣਕਾਰੀ ਮੁਤਾਬਕ ਇਸ ਬਦਲਾਅ ਦਾ ਅਸਰ ਕਰੀਬ ਇੱਕ ਕਰੋੜ ਵਿਦੇਸ਼ੀ ਮਜ਼ਦੂਰਾਂ ਦੇ ਜੀਵਨ ‘ਤੇ ਪੈ ਸਕਦਾ ਹੈ। ਇਨ੍ਹਾਂ ਸੁਧਾਰਾਂ ਦੇ ਬਾਅਦ, ਹੁਣ ਨਿੱਜੀ ਸੈਕਟਰ ਵਿੱਚ ਕੰਮ ਕਰ ਰਹੇ ਮਜ਼ਦੂਰ ਆਪਣੇ ਮਾਲਿਕ ਦੀ ਮਰਜ਼ੀ ਦੇ ਬਿਨਾਂ ਨੌਕਰੀ ਬਦਲ ਸਕਦੇ ਹਨ ਅਤੇ ਦੇਸ਼ ਛੱਡ ਕੇ ਜਾ ਸਕਦੇ ਹਨ। ਇਨ੍ਹਾਂ ਸੁਧਾਰਾਂ ਦਾ ਵਾਅਦਾ ਕਰਦਿਆਂ ਸਾਊਦੀ ਅਰਬ ਦੀ ਸਰਕਾਰ ਨੇ ਕਿਹਾ ਸੀ ਕਿ ‘ਉਸਦੀ ਕੋਸ਼ਿਸ਼ ਹੈ ਕਿ ਮਜ਼ਦੂਰਾਂ ਦੀ ਸਮਰੱਥਾ ਵਧਾਈ ਜਾਵੇ ਅਤੇ ਕੰਮ ਕਰਨ ਦੇ ਮਾਹੌਲ ਨੂੰ ਹੋਰ ਬਿਹਤਰ ਬਣਾਇਆ ਜਾਵੇ।’

ਕੁੱਝ ਮਨੁੱਖੀ ਅਧਿਕਾਰਾਂ ਦੇ ਕਾਰਜ-ਕਰਤਾਵਾਂ ਨੇ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਚਿਤਾਵਨੀ ਵੀ ਦਿੱਤੀ ਹੈ ਕਿ ਕਫਾਲਾ ਸਿਸਟਮ ਦੇ ਕੁੱਝ ਹਿੱਸੇ ਬਰਕਰਾਰ ਰੱਖੇ ਗਏ ਹਨ ਜਦਕਿ ਇਸਨੂੰ ਪੂਰੀ ਤਰ੍ਹਾਂ ਖਤਮ ਕੀਤੀ ਜਾਣਾ ਚਾਹੀਦਾ ਸੀ। ਸਾਊਦੀ ਅਰਬ ਦੇ ਮਨੁੱਖੀ ਅਧਿਕਾਰ ਮੰਤਰਾਲੇ ਨੇ ਕਿਹਾ ਹੈ ਕਿ ‘ਇਹ ਬਦਲਾਅ ਉਨ੍ਹਾਂ ਸਾਰਿਆਂ ‘ਤੇ ਲਾਗੂ ਹੋਣਗੇ, ਜੋ ਨਿੱਜੀ ਸੈਕਟਰ ਵਿੱਚ ਕੰਮ ਕਰਦੇ ਹਨ।’ ਕਫਾਲਾ ਸਿਸਟਮ ਵਿੱਚ ਬਦਲਾਅ ਦੇ ਬਾਅਦ ਹੁਣ ਸਾਊਦੀ ਅਰਬ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਮਜ਼ਦੂਰਾਂ ਨੂੰ ਨੌਕਰੀ ਛੱਡਣ ਦੇ ਲਈ ਜਾਂ ਫਿਰ ਬਦਲਣ ਲਈ ਆਪਣੇ ਮਾਲਕਾਂ ਦੀ ਇਜਾਜ਼ਤ ਦੀ ਜ਼ਰੂਰਤ ਨਹੀਂ ਹੋਵੇਗੀ। ਮਜ਼ਦੂਰ ਹੁਣ ਸਿੱਧਾ ਹੀ ਸਰਕਾਰੀ ਸੇਵਾਵਾਂ ਦੇ ਲਈ ਅਪੀਲ ਕਰ ਸਕਦੇ ਹਨ। ਉਨ੍ਹਾਂ ਦੇ ਮਾਲਕ ਨਾਲ ਉਨ੍ਹਾਂ ਦਾ ਜੋ ਵੀ ਸਰਵਿਸ ਕੰਟਰੈਕਟ ਹੋਵੇਗਾ, ਉਸਨੂੰ ਆਨਲਾਈਨ ਰੱਖਿਆ ਜਾਵੇਗਾ।