Punjab

ਟੂਰਨਾਮੈਂਟ ‘ਚ ਹਿੱਸਾ ਲੈਣ ਜਾ ਰਹੀ ਮੋਗਾ ਦੀ ਕਬੱਡੀ ਖਿਡਾਰਨ ਨੂੰ ਲੈ ਕੇ ਆਈ ਮਾੜੀ ਖ਼ਬਰ

Kabaddi player from Moga who was going to participate in the tournament died in a road accident

ਮੋਗਾ : ਅੱਜ ਸਵੇਰੇ-ਸਵੇਰੇ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸੜਕੀ ਹਾਦਸੇ ‘ਚ ਮੋਗਾ ਦੇ ਪਿੰਡ ਮੰਗੇਵਾਲਾ ਦੀ ਕਬੱਡੀ ਖਿਡਾਰਨ ਜਸਵੀਰ ਕੌਰ ਉਰਫ਼ ਰਿੰਕੂ ਭੈਣੀ ਦੀ ਦਰਦਨਾਕ ਮੌਤ ਹੋ ਗਈ। ਜਸਵੀਰ ਕੌਰ ਕਬੱਡੀ ਜਗਤ ਵਿੱਚ ਰਿੰਕੂ ਭੈਣੀ ਦੇ ਨਾਂ ਨਾਲ ਮਸ਼ਹੂਰ ਸੀ।

ਕਬੱਡੀ ਮਹਿਲਾ ਖਿਡਾਰਨ ਰਿੰਕੂ ਕੱਲ੍ਹ ਆਪਣੇ ਸਹੁਰੇ ਨਾਲ ਐਕਟਿਵਾ ‘ਤੇ ਦੋਲੇਵਾਲਾ ‘ਚ ਚੱਲ ਰਹੇ ਕਬੱਡੀ ਟੂਰਨਾਮੈਂਟ ‘ਚ ਜਾ ਰਹੀ ਸੀ ਕਿ ਰਸਤੇ ‘ਚ ਟੋਇਆ ਆ ਗਿਆ। ਰਿੰਕੂ ਸੜਕ ਦੇ ਵਿਚਕਾਰ ਡਿੱਗ ਕੇ ਟਰੈਕਟਰ ਥੱਲੇ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਧਾਰਾ 174 ਤਹਿਤ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਰਿੰਕੂ ਭੈਣੀ ਦੀ ਮੌਤ ਤੋਂ ਬਾਅਦ ਮੋਗਾ ਦੇ ਪਿੰਡ ਮੰਗੇਵਾਲਾ ‘ਚ ਸੋਗ ਦੀ ਲਹਿਰ ਛਾ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ 28 ਸਾਲਾ ਮ੍ਰਿਤਕਾ ਜਸਵੀਰ ਕੌਰ (ਰਿੰਕੂ ਭੈਣੀ) ਪਤਨੀ ਗੁਰਚਰਨ ਸਿੰਘ ਵਾਸੀ ਮੰਗੇਵਾਲਾ ਦੇ ਰਿਸ਼ਤੇਦਾਰ ਨਿਰਭੈ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਦਾ ਵਿਆਹ ਕਰੀਬ 2 ਸਾਲ ਪਹਿਲਾਂ ਮੰਗੇਵਾਲਾ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਹੋਇਆ ਸੀ। ਉਹ ਇਕ ਚੰਗੀ ਕਬੱਡੀ ਖਿਡਾਰਨ ਸੀ। ਜਸਵੀਰ ਕੌਰ ਨੇ ਪਿਛਲੇ ਸਾਲਾਂ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਵਰਲਡ ਕੱਪ ਜਿੱਤਣ ‘ਚ ਵੀ ਆਪਣਾ ਯੋਗਦਾਨ ਪਾਇਆ ਸੀ।

ਉਨ੍ਹਾਂ ਨੇ ਦੱਸਿਆ ਕਿ ਜਸਵੀਰ ਕੌਰ ਆਪਣੇ ਸਹੁਰਾ ਸਾਹਿਬ ਰਣਜੀਤ ਸਿੰਘ ਨਾਲ ਬੁੱਧਵਾਰ ਨੂੰ ਪਿੰਡ ਤੋਂ ਆਪਣੇ ਸਕੂਟੀ ‘ਤੇ ਤਲਵੰਡੀ ਭਾਈ ‘ਚ ਹੋਣ ਵਾਲੇ ਕਬੱਡੀ ਟੂਰਨਾਮੈਂਟ ‘ਚ ਭਾਗ ਲੈਣ ਜਾ ਰਹੀ ਸੀ ਕਿ ਰਸਤੇ ਵਿੱਚ ਮਿੱਟੀ ਨਾਲ ਲੈਂਦੀ ਟਰੈਕਟਰ-ਟਰਾਲੀ ਨੂੰ ਕਰਾਸ ਕਰਦਿਆਂ ਉਨ੍ਹਾਂ ਦੀ ਸਕੂਟੀ ਦਾ ਅਗਲਾ ਟਾਇਰ ਟੋਏ ‘ਚ ਫਸ ਗਿਆ, ਜਿਸ ਕਾਰਨ ਜਸਵੀਰ ਕੌਰ ਸੜਕ ‘ਤੇ ਡਿੱਗ ਪਈ ਅਤੇ ਟਰੈਕਟਰ-ਟਰਾਲੀ ਦੇ ਟਾਇਰਾਂ ਦੀ ਲਪੇਟ ‘ਚ ਆ ਗਈ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਦੂਜੇ ਪਾਸੇ ਥਾਣਾ ਸਦਰ ਦੇ ਮਹਿਲਾ ਏਐੱਸਆਈ ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।