‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸਿੱਖ ਕੌਮ ਦੇ ਸੱਤਵੇਂ ਨਾਨਕ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਅੱਜ ਜੋਤੀ ਜੋਤਿ ਦਿਹਾੜਾ ਹੈ। ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸੱਚ ਦੇ ਪਾਲਣਹਾਰੇ ਤੇ ਸੱਚ ਦੇ ਧਾਰਨੀ ਹਨ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ 16 ਜਨਵਰੀ 1630 ਈ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਂ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਜੀ ਸੀ। ਗੁਰੂ ਸਾਹਿਬ ਜੀ ਬਚਪਨ ਤੋਂ ਹੀ ਸੰਤ ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿੱਚ ਲੱਗੇ ਰਹਿਣ ਵਾਲੇ ਸਤ ਸੰਤੋਖ ਦੀ ਮੂਰਤ ਸਨ।
ਜਦੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਯੁੱਧ ਲੜਦੇ ਸਨ, ਉਸ ਵਿੱਚ ਆਪ ਜੀ ਬਾਕਾਇਦਾ ਫ਼ੌਜ ਦੀ ਕਮਾਨ ਵੀ ਕਰਦੇ ਰਹੇ। ਸੂਰਬੀਰਤਾ ਆਪ ਜੀ ਦੇ ਰੋਮ ਰੋਮ ਵਿੱਚ ਸੀ ਪਰ ਆਪ ਜੀ ਨੇ ਕੋਈ ਯੁੱਧ ਨਹੀਂ ਲੜਿਆ। ਆਪ ਜੀ ਨੇ ਜਗਤ ਨੂੰ ਦੱਸਿਆ ਕਿ ਯੁੱਧ ਲੜਨਾ ਸਾਡਾ ਮਕਸਦ ਨਹੀਂ ਬਲਕਿ ਯੁੱਧ ਬਚਾਅ ਲਈ ਹੈ। 2200 ਅਸਵਾਰ ਆਪ ਜੀ ਦੇ ਨਾਲ ਹਰ ਵਕਤ ਰਹਿੰਦੇ ਸਨ।
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਦੋ ਸਾਲ ਪਹਿਲਾਂ 1644 ਈ ਨੂੰ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਗੱਦੀ ਉੱਤੇ ਬਿਰਾਜਮਾਨ ਕਰ ਦਿੱਤਾ ਸੀ। ਤਤਕਾਲੀ ਮੁਗਲ ਬਾਦਸ਼ਾਹ ਸ਼ਾਹ ਜਹਾ ਗੁਰੂ ਘਰ ਨਾਲ ਖਾਰ ਖਾਂਦਾ ਸੀ ਤਾਂ ਇੱਕ ਵਾਰ ਅਜਿਹਾ ਹੋਇਆ ਕਿ ਸ਼ਾਹ ਜਹਾਂ ਦਾ ਲੜਕਾ ਦਾਰਾ ਸ਼ਿਕੋਹ ਜਦ ਬਹੁਤ ਬਿਮਾਰ ਹੋਇਆ ਤਾਂ ਬਹੁਤ ਸਾਰੇ ਵੈਦਾਂ ਦੇ ਇਲਾਜ ਤੋਂ ਬਾਅਦ ਵੀ ਉਹ ਠੀਕ ਨਹੀਂ ਹੋ ਸਕਿਆ। ਹਕੀਮਾਂ ਨੇ ਦਾਰਾ ਸ਼ਿਕੋਹ ਦੇ ਇਲਾਜ ਲਈ ਹਰਨਾ ਅਤੇ ਖਾਸ ਤਰ੍ਹਾਂ ਦੇ ਲੌਂਗਾਂ ਨਾਲ ਦਵਾਈ ਤਿਆਰ ਕਰਕੇ ਦਾਰਾ ਸ਼ਿਕੋਹ ਦਾ ਇਲਾਜ ਕੀਤਾ ਤਾਂ ਉਹ ਠੀਕ ਹੋ ਗਿਆ। ਉਸ ਤੋਂ ਬਾਅਦ ਦਾਰਾ ਸ਼ਿਕੋਹ ਗੁਰੂ ਸਾਹਿਬ ਜੀ ਦਾ ਪ੍ਰੇਮੀ ਬਣ ਗਿਆ ਸੀ।
ਆਪ ਜੀ ਦੇ ਦੋ ਸਾਹਿਬਜ਼ਾਦੇ ਸਨ ਬਾਬਾ ਰਾਮ ਰਾਇ ਅਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਔਰੰਬਜ਼ੇਬ ਨੇ ਜਦ ਆਪ ਜੀ ਨੂੰ ਦਿੱਲੀ ਸੱਦਿਆ ਤਾਂ ਆਪ ਜੀ ਨੇ ਸਿਆਣਾ, ਸੂਝਵਾਨ, ਦੂਰ ਦ੍ਰਿਸ਼ਟ ਸਮਝ ਕੇ ਬਾਬਾ ਰਾਮ ਰਾਇ ਨੂੰ ਦਿੱਲੀ ਭੇਜਿਆ। ਔਰੰਗਜ਼ੇਬ ਨੇ ਬਾਬਾ ਰਾਮ ਰਾਇ ਨੂੰ ਗੁਰੂ ਘਰ ਦੀਆਂ ਕਰਾਮਾਤਾਂ ਦਿਖਾਉਣ ਲਈ ਕਿਹਾ। ਬਾਬਾ ਰਾਮ ਰਾਇ ਸ਼ਾਹੀ ਰੋਹਬ ਦੇ ਅਧੀਨ ਹੋ ਗਏ ਅਤੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਇਤਿਹਾਸਕਾਰ ਲਿਖਦੇ ਹਨ ਕਿ ਬਾਬਾ ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ 72 ਕਰਾਮਾਤਾਂ ਦਿਖਾਈਆਂ ਅਤੇ ਗੁਰਬਾਣੀ ਦੇ ਕਥਨ ਮਿਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਪੰਕਤੀ ਨੂੰ ਬਦਲ ਕੇ ਮਿਟੀ ਬੇਈਮਾਨ ਕਹਿ ਕੇ ਬਦਲ ਦਿੱਤਾ ਸੀ। ਜਦੋਂ ਗੁਰੂ ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਜੀ ਨੇ ਰਾਮ ਰਾਇ ਨੂੰ ਮੂੰਹ ਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸਿੱਖ ਸੰਗਤ ਨੂੰ ਰਾਮ ਰਾਇ ਨਾਲ ਕੋਈ ਵੀ ਨਾਤਾ ਨਾ ਰੱਖਣ ਦੇ ਹੁਕਮ ਦੇ ਦਿੱਤੇ।
ਦਇਆ ਅਤੇ ਦ੍ਰਿੜਤਾ ਦੀ ਸਾਕਾਰ ਮੂਰਤ ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਆਉਂਦਾ ਜਾਣ ਕੇ ਗੁਰਗੱਦੀ ਦੀ ਮਹਾਨ ਜ਼ਿੰਮੇਵਾਰੀ ਆਪਣੇ ਪੰਜ ਸਾਲਾਂ ਦੇ ਛੋਟੇ ਸਪੁੱਤਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ। ਆਪ 6 ਅਕਤੂਰ 1661 ਈ ਨੂੰ ਜੋਤੀ ਜੋਤ ਸਮਾ ਗਏ।