ਬਿਉਰੋ ਰਿਪੋਰਟ : ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 35 ਫੀਸਦੀ ਤੱਕ ਘੱਟ ਕਰਨ ਤੋਂ ਬਾਅਦ ਹੁਣ ਕੈਨੇਡਾ ਨੇ ਹੁਣ ਇੱਕ ਹੋਰ ਸਖਤ ਕਦਮ ਚੁੱਕ ਲਿਆ ਹੈ । ਟਰੂਡੋ ਸਰਕਾਰ ਨੇ ਵਿਦੇਸ਼ੀਆਂ ਦੇ ਦੇਸ਼ ਵਿੱਚ ਘਰ ਖਰੀਦਣ ਦੀ ਪਾਬੰਦੀ 2 ਸਾਲ ਦੇ ਲਈ ਵਧਾ ਦਿੱਤੀ ਹੈ । ਇਸ ਤੋਂ ਪਹਿਲਾਂ ਟਰੂਡੋ ਸਰਕਾਰ ਵੱਲੋਂ 2023 ਵਿੱਚ ਇਹ ਪਾਬੰਦੀ 2 ਸਾਲ ਲਈ ਲਗਾਈ ਗਈ ਸੀ । ਸਰਕਾਰ ਨੇ ਕਿਹਾ ਇਸ ਦੇ ਪਿੱਛੇ ਮਕਸਦ ਹੈ ਕਿ ਕੈਨੇਡੀਅਨਾਂ ਦੀ ਚਿੰਤਾਵਾਂ ਨੂੰ ਦੂਰ ਕਰਨਾ ਹੈ ।
ਕੈਨੇਡਾ ਵਿੱਚ ਘਰਾਂ ਦੀ ਕਮੀ ਇਸ ਵੇਲੇ ਸਭ ਤੋਂ ਵੱਡੀ ਪਰੇਸ਼ਾਨੀ ਹੈ । ਪਿਛਲੇ ਸਾਲ ਤੱਕ ਕੈਨੇਡਾ ਵਿੱਚ ਲਗਾਤਾਰ ਵਿਦੇਸ਼ੀਆਂ ਵੱਲੋਂ ਜ਼ਮੀਦ ਖਰੀਦਣ ਦੀ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਅਸਮਾਨ ਤੱਕ ਪਹੁੰਚ ਗਈਆਂ ਸਨ । ਕੈਨੇਡਾ ਦੇ ਨਾਗਰਿਕਾਂ ਵੱਲੋਂ ਘਰ ਖਰੀਦਣ ਦੀ ਪਰੇਸ਼ਾਨੀ ਆ ਰਹੀ ਸੀ । ਜਿਸ ਤੋਂ ਬਾਅਦ 2 ਸਾਲ ਲਈ ਪਾਬੰਦੀ ਲਗਾਈ ਸੀ,ਪਰ ਹੁਣ ਵੀ ਇਸ ਵਿੱਚ ਸੁਧਾਰ ਨਾ ਹੋਣ ਦੀ ਵਜ੍ਹਾ ਕਰਕੇ ਇਹ ਪਾਬੰਦੀ ਹੋਰ ਵਧਾ ਦਿੱਤੀ ਗਈ ਹੈ ।
ਕੈਨੇਡਾ ਦੇ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕੈਨੇਡਾ ਦੇ ਨਾਗਰਿਕਾਂ ਨੂੰ ਘੱਟ ਕੀਮਤ ‘ਤੇ ਘਰ ਦੇਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਇਸੇ ਲਈ ਵਿਦੇਸ਼ੀਆਂ ਦੇ ਘਰ ਖਰੀਦਣ ਦੀ ਪਾਬੰਦੀ 2 ਸਾਲ ਲਈ ਵਧਾਈ ਗਈ ਹੈ। ਪਹਿਲਾਂ ਇਹ 1 ਜਨਵਰੀ 2025 ਨੂੰ ਖਤਮ ਹੋ ਰਹੀ ਸੀ ਪਰ ਹੁਣ ਇਸ ਨੂੰ ਵਧਾ ਕੇ 1 ਜਨਵਰੀ 2027 ਤੱਕ ਕਰ ਦਿੱਤਾ ਗਿਆ ਹੈ ।
ਪਿਛਲ਼ੇ ਮਹੀਨੇ ਹੀ ਕੌਮਾਂਤਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ‘ਤੇ 2 ਸਾਲ ਦੀ ਪਾਬੰਦੀ ਲਗਾਈ ਗਈ ਸੀ । ਗ੍ਰੈਜੂਏਸ਼ਨ ਤੋਂ ਬਾਅਦ ਕੁਝ ਵਿਦਿਆਰਥੀਆਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲੇਗਾ । ਅਸਲ ਵਿੱਚ ਕੈਨੇਡਾ ਵਿੱਚ ਤੇਜ਼ੀ ਨਾਲ ਵੱਧ ਰਹੀ ਆਬਾਦੀ ਨੇ ਸਿਹਤ ਅਤੇ ਸਿੱਖਿਆ ‘ਤੇ ਦਬਾਅ ਪਾਇਆ ਹੈ । ਇਸ ਦਾ ਅਸਰ ਟਰੂਡੋ ਸਰਕਾਰ ਦੀ ਸਿਆਸਤ ‘ਤੇ ਵੀ ਨਜ਼ਰ ਆ ਰਿਹਾ ਹੈ। ਕਈ ਓਪੀਨੀਅਨ ਪੋਲ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਇਸ ਸਮੇਂ ਦੇਸ਼ ਵਿੱਚ ਚੋਣਾਂ ਹੋ ਜਾਣ ਤਾਂ ਟਰੂਡੋ ਦੀ ਹਾਰ ਤੈਅ ਹੈ ।