ਬਿਉਰੋ ਰਿਪੋਰਟ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ (CANADA PM JUSTIN TRUDEAU) ਨੇ ਬਹੁਮਤ ਸਾਬਿਤ ਕਰਕੇ ਕਿਸੇ ਤਰ੍ਹਾਂ ਸਰਕਾਰ ਇੱਕ ਸਾਲ ਪਹਿਲਾਂ ਡਿੱਗਣ ਤੋਂ ਬਚਾ ਲਈ ਹੈ ਪਰ ਉਨ੍ਹਾਂ ਦੀਆਂ ਪਿਛਲੇ 7 ਸਾਲਾਂ ਦੀਆਂ ਨੀਤੀਆਂ ਨੇ ਦੇਸ਼ ਦੇ ਅਰਥਚਾਰੇ ਦੀ ਕਮਰ ਤੋੜ ਦਿੱਤੀ ਹੈ । ਦੂਜੇ ਦੇਸ਼ਾਂ ਤੋਂ ਪੜਾਈ ਅਤੇ ਹੋਰ ਵੱਖ-ਵੱਖ ਵੀਜ਼ਿਆਂ ਰਾਹੀ ਦਾਖਲ ਹੋਏ ਵਿਦੇਸ਼ੀਆਂ ਦਾ ਇਸ ਵਿੱਚ ਵੱਡਾ ਰੋਲ ਹੈ । ਇਸੇ ਲਈ ਕੈਨੇਡਾ ਨੇ ਹੁਣ ਟਰੂਡੋ ਸਰਕਾਰ ਨੇ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਵਿੱਚ ਵੱਡਾ ਬਦਲਾਅ ਕੀਤਾ ਹੈ ਜਿਸ ਨੂੰ ਹੁਣ 26 ਸਤੰਬਰ ਤੋਂ ਲਾਗੂ ਕਰ ਦਿੱਤਾ ਗਿਆ ਹੈ ।
ਦਰਅਸਲ ਕੈਨੇਡੀਅਨ ਕੰਪਨੀਆਂ ਜਾਂ ਰੁਜ਼ਗਾਰਦਾਤਾ ਕੈਨੇਡਾ ਵਿਚ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਰਾਹੀਂ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਦੇ ਹਨ। ਪਰ ਇਸ ਦੇ ਗਲਤ ਇਸਤਮਾਲ ਤੋਂ ਬਾਅਦ ਹੁਣ ਇਸ ਪ੍ਰੋਗਰਾਮ ਵਿੱਚ ਸਖਤੀ ਕੀਤੀ ਗਈ ਹੈ । ਕੈਨੇਡੀਅਨ ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਵਿੱਚ ਚੰਗੇ ਕਾਮਿਆਂ ਨੂੰ ਕੰਮ ’ਤੇ ਰੱਖਣ ਤੋਂ ਬਚਣ ਅਤੇ ਇਸ ਦੀ ਬਜਾਏ ਵਿਦੇਸ਼ੀ ਵਰਕਰ ’ਤੇ ਭਰੋਸਾ ਕਰਨ ਲਈ ‘ਅਸਥਾਈ ਵਿਦੇਸ਼ੀ ਕਰਮਚਾਰੀ’ ਪ੍ਰੋਗਰਾਮ ਦੀ ਦੁਰਵਰਤੋਂ ਕੀਤੀ ਗਈ ਹੈ।
ਕੈਨੇਡਾ ਸਰਕਾਰ ਨੇ ਇਸ ਨੂੰ ਰੋਕਣ ਦੇ ਲਈ ਕਿਹਾ ਹੈ ਕਿ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਕਰਨ ਤੋਂ ਪਹਿਲਾਂ ਕੰਪਨੀਆਂ ਨੂੰ ‘ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ’ (L.M.I.A) ਕਰਨਾ ਹੋਵੇਗਾ, ਜਿਸ ’ਚ ਉਨ੍ਹਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਜਿਸ ਨੌਕਰੀ ਲਈ ਵਿਦੇਸ਼ੀ ਕਰਮਚਾਰੀ ਨੂੰ ਰੱਖ ਰਹੀ ਹੈ, ਅਜਿਹਾ ਕਰਨ ਲਈ ਦੇਸ਼ ਵਿਚ ਕੋਈ ਯੋਗ ਨਾਗਰਿਕ ਨਹੀਂ ਹੈ। ਸਰਕਾਰ ਚਾਹੁੰਦੀ ਹੈ ਕਿ ਕੈਨੇਡੀਅਨ ਕੰਪਨੀਆਂ ਅਤੇ ਰੁਜ਼ਗਾਰਦਾਤਾ ਇਸ ਪ੍ਰੋਗਰਾਮ ’ਤੇ ਅਪਣੀ ਨਿਰਭਰਤਾ ਨੂੰ ਘੱਟ ਕਰਨ।