‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲੀਡਰੀ ਦੀ ਭੁੱਖ ਅਜਿਹੀ ਹੁੰਦੀ ਹੈ ਕਿ ਮਿਲਦੀ ਬੇਸ਼ੱਕ ਲੋਕਾਂ ਕੋਲੋਂ ਹੀ ਹੈ, ਪਰ ਲੀਡਰ ਅਕਸਰ ਲੋਕਾਂ ਦੇ ਨੇੜੇ ਲੱਗਣ ਤੋਂ ਕਤਰਾਉਂਦੇ ਰਹਿੰਦੇ ਹਨ। ਇੱਕ ਖਾਸ ਤਰ੍ਹਾਂ ਦਾ ਪਾੜਾ ਲੀਡਰਾਂ ਤੇ ਲੋਕਾਂ ਵਿੱਚ ਬਣਿਆ ਰਹਿੰਦਾ ਹੈ। ਵੋਟਾਂ ਵੇਲੇ ਇਹ ਪਾੜਾ ਮਾੜਾ ਜਿਹਾ ਭਰਦਾ ਜ਼ਰੂਰ ਹੈ, ਪਰ ਖਤਮ ਨਹੀਂ ਹੁੰਦਾ। ਲੀਡਰ ਲੋਕਾਂ ਤੋਂ ਇੱਕ ਖਾਸ ਵਿੱਥ ਬਣਾ ਕੇ ਤੁਰਨਾ ਆਪਣੀ ਸ਼ਾਨ ਸਮਝਦੇ ਹਨ। ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਖੁੱਲ੍ਹ ਦਿਲੀ ਤੇ ਦਰਿਆਦਿਲੀ ਲਈ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ।
ਇਹ ਪੀਐੱਮ ਦੇ ਰੂਪ ਵਿੱਚ ਅਜਿਹੀ ਸਖਸ਼ੀਅਤ ਹੈ ਜੋ ਲੋਕਾਂ ਦੇ ਵਿਚਕਾਰ ਘੁੰਮਦੀ, ਹੱਸਦੀ ਖੇਡਦੀ ਆਮ ਦਿਸ ਜਾਂਦੀ ਹੈ। ਪ੍ਰਧਾਨ ਮੰਤਰੀ ਨੂੰ ਆਪਣੇ ਇੰਨਾ ਨੇੜੇ ਦੇਖ ਕੇ ਲੋਕ ਬੇਸ਼ੱਕ ਹੈਰਾਨ ਹੁੰਦੇ ਹੋਣ ਪਰ ਪ੍ਰਧਾਨ ਮੰਤਰੀ ਨੂੰ ਇਸ ਵਿਚ ਕੋਈ ਪਰੇਸ਼ਾਨੀ ਨਹੀਂ ਦਿਸਦੀ।
ਲਾਮ ਲਸ਼ਕਰ ਤੋਂ ਪਰਹੇਜ਼ ਕਰਨ ਵਾਲੇ ਇਸ ਪੀਐੱਮ ਦੀ ਇਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਥੱਲੇ ਬੈਠ ਕੇ ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਦਾ ਹਾਲਚਾਲ ਪੁੱਛ ਰਹੇ ਹਨ। ਇਸ ਦੌਰਾਨ ਸਿਹਤ ਮੁਲਾਜ਼ਮ ਅਤੇ ਵੈਕਸੀਨ ਲਗਵਾਉਣ ਵਾਲਾ ਨਾਗਿਰਕ ਕੁਰਸੀ ‘ਤੇ ਬੈਠਾ ਹੈ ਜਦੋਂ ਕਿ ਪ੍ਰਧਾਨ ਮੰਤਰੀ ਬੜੇ ਆਰਾਮ ਨਾਲ ਵੈਕਸੀਨ ਲਗਾਉਣ ਇਸ ਸਾਰੀ ਪ੍ਰਕਿਰਿਆ ਨੂੰ ਦੇਖ ਰਿਹਾ ਹੈ।
ਆਪਣੇ ਲੋਕਾਂ ਨਾਲ ਨੇੜਤਾ ਵਾਲੀ ਇਹ ਉਦਾਹਰਣ ਸ਼ਲਾਘਾ ਕਰਨ ਯੋਗ ਹੈ। ਆਪਣੇ ਨਾਗਰਿਕਾਂ ਦੀਆਂ ਦੁੱਖ ਤਕਲੀਫਾਂ ਨੂੰ ਨੇੜੇ ਤੋਂ ਜਾਨਣ ਦੇ ਇਹ ਗੁਣ ਹਰ ਪੱਧਰ ਦੇ ਲੀਡਰ ਅੰਦਰ ਹੋਣੇ ਚਾਹੀਦੇ ਹਨ।