‘ਦ ਖ਼ਾਲਸ ਬਿਊਰੋ :- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੱਲ੍ਹ ਗੁਰਦੁਆਰਾ ਡਿਬਡਿਬਾ ਬੰਗਾਲੀ ਕਲੋਨੀ ਤੋਂ ਗਾਜ਼ੀਪੁਰ ਬਾਰਡਰ ਤੱਕ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਸ਼ਹੀਦ ਹੋਏ ਨਵਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਇਨਸਾਫ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼, ਉੱਤਰਾਖੰਡ ਦੇ ਬਹੁਤ ਸਾਰੇ ਲੋਕ ਇਸ ਮਾਰਚ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚੋਂ ਬਹੁਤ ਸਾਰੇ ਲੋਕ ਮੇਰੇ ਸੰਪਰਕ ਵਿੱਚ ਹਨ। ਖਹਿਰਾ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਨਸਾਫ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
ਖਹਿਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਨਵਰੀਤ ਸਿੰਘ ਦੇ ਸ਼ਰਧਾਂਜਲੀ ਸਮਾਗਮ ਰੱਖੇ ਗਏ ਹਨ। ਨਵਾਂਸ਼ਹਿਰ ਵਿੱਚ 15 ਫਰਵਰੀ ਨੂੰ, ਭੁਲੱਥ ਵਿੱਚ 16 ਫਰਵਰੀ ਨੂੰ ਨਵਰੀਤ ਸਿੰਘ ਦੇ ਸ਼ਰਧਾਂਜਲੀ ਸਮਾਗਮ ਕਰਵਾਏ ਜਾਣਗੇ। ਖਹਿਰਾ ਨੇ ਕਿਸਾਨ ਲੀਡਰਾਂ ਨੂੰ ਨਵਰੀਤ ਸਿੰਘ ਨੂੰ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਰੀਬ 200 ਕਿਸਾਨਾਂ ਦੇ ਨਾਂਵਾਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਦੀ ਅਪੀਲ ਕੀਤੀ।
ਦੀਪ ਸਿੱਧੂ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਉਹ ਇੱਕ ਪੜ੍ਹਿਆ-ਲਿਖਿਆ ਬੰਦਾ ਹੈ ਅਤੇ ਉਹ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਦੇ ਆਮ ਮੁੱਦਿਆਂ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੰਨੀ ਦਿਉਲ ਨਾਲ ਕੁੱਝ ਤਸਵੀਰਾਂ ਹੋਣ ਨਾਲ ਇਹ ਸਿੱਧ ਨਹੀਂ ਕਰਨਾ ਚਾਹੀਦਾ ਕਿ ਉਹ ਗੱਦਾਰ ਹੈ। ਜੇ 26 ਜਨਵਰੀ ਨੂੰ ਨੌਜਵਾਨਾਂ ਨੇ ਕੁੱਝ ਮਾੜਾ-ਮੋਟਾ ਗਰਮਜੋਸ਼ੀ ਵਿੱਚ ਆ ਕੇ ਕਰ ਹੀ ਦਿੱਤਾ ਹੈ ਤਾਂ ਉਨ੍ਹਾਂ ਨੂੰ ਦਿੱਲੀ ਪੁਲਿਸ ਨੂੰ ਬਲੀ ਥੋੜ੍ਹੀ ਦੇ ਦੇਣੀ ਚਾਹੀਦੀ ਹੈ। ਇਹ ਮੌਕਾ ਇੱਕਮੁੱਠ ਹੋ ਕੇ ਕਿਸਾਨੀ ਲੜਾਈ ਲੜਨ ਦਾ ਹੈ।