‘ਦ ਖ਼ਾਲਸ ਬਿਊਰੋ :- 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਗੁਰਦੁਆਰਾ ਡਿਬਡਿਬਾ ਬੰਗਾਲੀ ਕਲੋਨੀ ਤੋਂ ਗਾਜ਼ੀਪੁਰ ਬਾਰਡਰ ਤੱਕ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮੌਕੇ ਨਵਰੀਤ ਸਿੰਘ ਦੇ ਦਾਦਾ ਜੀ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਲੀਡਰ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਸਮੇਤ ਹੋਰ ਵੀ ਕਈ ਲੀਡਰ ਮੌਜੂਦ ਹਨ।
ਇਸ ਮੌਕੇ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਨੇ ਆਪਣੇ ਪੋਤਰੇ ਦੀ ਹੱਥਾਂ ਵਿੱਚ ਤਸਵੀਰ ਫੜ੍ਹ ਕੇ ਇਨਸਾਫ ਦੀ ਮੰਗ ਕੀਤੀ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਵਰੀਤ ਸਿੰਘ ਦੀ ਮੌਤ ਪੁਲਿਸ ਦੀ ਗੋਲੀ ਲੱਗਣ ਨਾਲ ਹੋਈ ਹੈ ਪਰ ਪ੍ਰਸ਼ਾਸਨ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ ਅਤੇ ਨਵਰੀਤ ਸਿੰਘ ਦੀ ਮੌਤ ਹਾਦਸੇ ਨਾਲ ਹੋਣ ਦਾ ਦਾਅਵਾ ਕਰ ਰਿਹਾ ਹੈ। ਪੁਲਿਸ ਸਿਰਫ ਇੱਕ ਸੀਸੀਟੀਵੀ ਫੁਟੇਜ ਦਿਖਾ ਕੇ ਨਵਰੀਤ ਸਿੰਘ ਦੇ ਕਤਲ ਨੂੰ ਲੁਕਾ ਰਹੀ ਹੈ।
ਇਸ ਕਰਕੇ ਇਸ ਕਤਲ ਨੂੰ ਉਜਾਗਰ ਕਰਨ ਵਾਸਤੇ ਅੱਜ ਗਾਜ਼ੀਪੁਰ ਬਾਰਡਰ ਤੱਕ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ। ਖਹਿਰਾ ਨੇ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰੀ ਨੂੰ ਨਵਰੀਤ ਸਿੰਘ ਦੇ ਮਾਮਲੇ ਦੀ ਨਿਆਂਇਕ ਜਾਂਚ ਕਰਨ ਦੀ ਮੰਗ ਕੀਤੀ।
ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਇਸ ਮਾਮਲੇ ਦੀ ਜਾਂਚ ਲਗਾ ਸਕਦੀ ਹੈ। ਖਹਿਰਾ ਨੇ ਕਿਹਾ ਕਿ ਮੈਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਬਾਬਤ ਚਿੱਠੀ ਵੀ ਲਿਖ ਕੇ ਭੇਜ ਚੁੱਕਾ ਹਾਂ। ਆਮ ਆਦਮੀ ਪਾਰਟੀ ਦੇ ਵਰਕਰ ਨਵਰੀਤ ਸਿੰਘ ਦੇ ਭੋਗ ‘ਤੇ ਵੀ ਸ਼ਾਮਿਲ ਹੋਏ ਸੀ।
ਖਹਿਰਾ ਨੇ ਕਿਹਾ ਕਿ ਹਰਦੀਪ ਸਿੰਘ ਡਿਬਡਿਬਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਖਹਿਰਾ ਨੇ ਵਕੀਲ ਵਰਿੰਦਾ ਗਰੋਵਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਦੋਂ ਇਸ ਮਸਲੇ ਨੂੰ ਪਟੀਸ਼ਨ ਦੇ ਤੌਰ ‘ਤੇ ਪਾਇਆ ਤਾਂ ਦਿੱਲੀ ਹਾਈਕੋਰਟ ਨੇ ਦਿੱਲੀ ਪੁਲਿਸ ਨੂੰ 26 ਫਰਵਰੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਪੁਲਿਸ ਨੂੰ ਸਾਰੀ ਸੀਸੀਟੀਵੀ ਫੁਟੇਜ, ਇਲੈੱਕਟ੍ਰੋਨਿਕਸ ਸਬੂਤ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਖਹਿਰਾ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਨਵਰੀਤ ਸਿੰਘ ਦਾ ਮੁੱਦਾ ਉਠਾਉਣ ਦੀ ਮੰਗ ਕੀਤੀ ਹੈ। ਖਹਿਰਾ ਨੇ ਰਸਤੇ ਵਿੱਚ ਵੀ ਲੋਕਾਂ ਨੂੰ ਇਨਸਾਫ ਮਾਰਚ ਵਿੱਚ ਜੁੜਨ ਦੀ ਅਪੀਲ ਕੀਤੀ। ਅਸੀਂ ਜ਼ੋਰਦਾਰ ਢੰਗ ਨਾਲ ਨਵਰੀਤ ਕਤਲ ਕਾਂਡ ਦਾ ਮੁੱਦਾ ਉਠਾਈਏ।
ਪਰਮਿੰਦਰ ਸਿੰਘ ਢੀਂਡਸਾ ਨੇ ਇਨਸਾਫ ਮਾਰਚ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਨਵਰੀਤ ਸਿੰਘ ਦਾ ਕਤਲ ਕਾਂਡ ਮੁੱਦਾ ਉਠਾਉਣ ਦੀ ਅਪੀਲ ਕੀਤੀ।