‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਜੂਨ 1984 ਘੱਲੂਘਾਰੇ ਦੀ 37ਵੀਂ ਬਰਸੀ ਮੌਕੇ ਘੱਲੂਘਾਰੇ ਨੂੰ ਸਮਰਪਿਤ ਕਿਤਾਬ “ਘੱਲੂਘਾਰਾ ਜੂਨ ‘84: ਵੱਖ-ਵੱਖ ਗੁਰਦੁਆਰਿਆਂ ਉੱਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)” ਜਾਰੀ ਕੀਤੀ ਗਈ। ਇਸ ਕਿਤਾਬ ਵਿੱਚ ਉਹਨਾਂ ਦਰਜਨਾਂ ਗੁਰਦੁਆਰਾ ਸਾਹਿਬਾਨਾਂ ਦੀ ਸੂਚੀ ਅਤੇ ਵੇਰਵੇ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ਉੱਤੇ ਜੂਨ 1984 ਵਿੱਚ ਹਮਲਾ ਕੀਤਾ ਗਿਆ ਸੀ। ਇਸ ਕਿਤਾਬ ਨੂੰ ਮਲਕੀਤ ਸਿੰਘ ਭਵਾਨੀਗੜ੍ਹ ਨੇ ਲਿਖਿਆ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਜੂਨ 1984 ਘੱਲੂਘਾਰੇ ਦੀ 37ਵੀਂ ਬਰਸੀ ਮਨਾਈ ਗਈ। ਅੱਜ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਉਪਰੰਤ ਸਮਾਗਮ ਕਰਵਾਏ ਗਏ। ਵੱਡੀ ਗਿਣਤੀ ਵਿੱਚ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਭਰੀ।