ਬਿਉਰੋ ਰਿਪੋਰਟ: ਭਾਰਤ ਦੇ ਪੈਰਾ ਜੂਡੋ ਖਿਡਾਰੀ ਕਪਿਲ ਪਰਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਕਪਿਲ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਜੇ1 ਈਵੈਂਟ ਦੇ ਕਾਂਸੀ ਤਮਗਾ ਮੁਕਾਬਲੇ ’ਚ ਬ੍ਰਾਜ਼ੀਲ ਦੇ ਏਲੀਟਨ ਡੀ ਓਲੀਵੇਰਾ ਨੂੰ 10-0 ਨਾਲ ਹਰਾਇਆ।
ਕਪਿਲ ਪੈਰਾਲੰਪਿਕ ਜਾਂ ਓਲੰਪਿਕ ਵਿੱਚ ਤਮਗਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਜੂਡੋਕਾ ਹੈ। ਇਸ ਤਰ੍ਹਾਂ ਭਾਰਤ ਨੇ ਪੈਰਿਸ ਪੈਰਾਲੰਪਿਕ ’ਚ ਆਪਣੇ ਮੈਡਲਾਂ ਦੀ ਗਿਣਤੀ 25 ਕਰ ਗਈ ਹੈ। ਪੈਰਿਸ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ ਪੰਜ ਸੋੋਨੇ ਦੇ, ਨੌ ਚਾਂਦੀ ਦੇ ਅਤੇ 11 ਕਾਂਸੀ ਦੇ ਤਗਮੇ ਜਿੱਤੇ ਹਨ।
ਸੈਮੀਫਾਈਨਲ ’ਚ ਹਾਰਨ ਤੋਂ ਬਾਅਦ ਸੋਨ ਤਮਗਾ ਤੋਂ ਖੁੰਝਿਆ ਕਪਿਲ
ਕਪਿਲ ਪਰਮਾਰ ਨੇ 2022 ਦੀਆਂ ਏਸ਼ਿਆਈ ਖੇਡਾਂ ਵਿੱਚ ਇਸੇ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਨੇ ਕੁਆਰਟਰ ਫਾਈਨਲ ਵਿੱਚ ਵੈਨੇਜ਼ੁਏਲਾ ਦੇ ਮਾਰਕੋ ਡੇਨਿਸ ਬਲੈਂਕੋ ਨੂੰ 10-0 ਨਾਲ ਹਰਾਇਆ, ਪਰ ਸੈਮੀਫਾਈਨਲ ਵਿੱਚ ਇਰਾਨ ਦੇ ਐਸ ਬਨੀਤਾਬਾ ਖੋਰਮ ਅਬਾਦੀ ਤੋਂ ਹਾਰ ਗਿਆ। ਪਰਮਾਰ ਨੂੰ ਦੋਵੇਂ ਮੈਚਾਂ ਵਿੱਚ ਇੱਕ-ਇੱਕ ਪੀਲਾ ਕਾਰਡ ਮਿਲਿਆ। ਭਾਵੇਂ ਕਪਿਲ ਸੋਨ ਤਮਗਾ ਨਹੀਂ ਲਿਆ ਸਕਿਆ ਪਰ ਕਾਂਸੀ ਦਾ ਤਗਮਾ ਜਿੱਤਣ ਵਿਚ ਸਫਲ ਰਿਹਾ।
ਇਸ ਦੇ ਨਾਲ ਹੀ ਮਹਿਲਾਵਾਂ ਦੇ 48 ਕਿਲੋਗ੍ਰਾਮ ਜੇ2 ਵਰਗ ਦੇ ਕੁਆਰਟਰ ਫਾਈਨਲ ਵਿੱਚ ਭਾਰਤ ਦੀ ਕੋਕਿਲਾ ਨੂੰ ਕਜ਼ਾਕਿਸਤਾਨ ਦੀ ਅਕਮਰਾਲ ਨੌਟਬੇਕ ਤੋਂ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।