ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਸੁਖਬੀਰ ਬਾਦਲ ਨੂੰ ਕੀਤਾ ਫੋਨ
‘ਦ ਖ਼ਾਲਸ ਬਿਊਰੋ : ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਵੱਲੋਂ ਸੁਖਬੀਰ ਬਾਦਲ ਨੂੰ ਕੀਤੇ ਇਕ ਫੋਨ ਕਾਲ ਨਾਲ ਮੁੜ ਤੋਂ ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਹ ਫੋਨ ਕਾਲ ਬੀਜੇਪੀ ਦੇ ਰਾਸ਼ਟਰਪਤੀ ਦੀ ਉਮੀਦਵਾਰ ਦ੍ਰੌਪਦੀ ਮੁਰਮੂ ਦੇ ਲਈ ਹਿਮਾਇਤ ਮੰਗਣ ਲਈ ਆਇਆ ਸੀ ਪਰ ਇਸ ਨਾਲ ਅਟਕਲਾਂ ਸ਼ੁਰੂ ਹੋ ਗਈਆਂ ਹਨ । 24 ਸਾਲ ਪੁਰਾਣੇ ਸਾਥੀ ਇਕ ਵਾਰ ਮੁੜ ਤੋਂ ਬਦਲੇ ਸਿਆਸੀ ਸਮੀਕਰਣ ਨਾਲ ਇਕੱਠੇ ਆ ਸਕਦੇ ਹਨ। ਹਾਲਾਂਕਿ ਕਿ ਅਕਾਲੀ ਦਲ ਨੇ ਹੁਣ ਤੱਕ ਨੱਢਾ ਨੂੰ ਇਹ ਭਰੋਸਾ ਨਹੀਂ ਦਿੱਤਾ ਹੈ ਕਿ ਅਕਾਲੀ ਦਲ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਨੂੰ ਹੀ ਹਿਮਾਇਤ ਦੇਣਗੇ ਪਰ ਪਾਰਟੀ ਕੋਲ ਬਦਲ ਵੀ ਕੋਈ ਨਹੀਂ ਹੈ।
ਇਸ ਮੀਟਿੰਗ ਵਿੱਚ ਹੋਵੇਗਾ ਫ਼ੈਸਲਾ
ਲੋਕ ਸਭਾ ਵਿੱਚ ਅਕਾਲੀ ਦਲ ਦੇ ਦੋ ਐੱਮ ਪੀ ਹਨ। ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਜਦ ਕਿ ਵਿਧਾਨ ਸਭਾ ਦੇ ਅੰਦਰ ਪਾਰਟੀ ਦੇ 3 ਵਿਧਾਇਕ ਹਨ। ਹਾਲਾਂਕਿ ਬੀਜੇਪੀ ਲਈ ਇਹ ਕੋਈ ਵੱਡੀ ਗਿਣਤੀ ਨਹੀਂ ਹੈ। ਬੀਜੇਪੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਇਸ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ, ਪਰ ਕਹਿੰਦੇ ਨੇ ਸਿਆਸਤ ਵਿੱਚ ਹਰ ਦਾਅ ਦੇ ਕਈ ਮਾਇਨੇ ਹੁੰਦੇ ਨੇ,ਹੋ ਸਕਦਾ ਹੈ ਅਕਾਲੀ ਦਲ ਅਤੇ ਬੀਜੇਪੀ ਫਿਲਹਾਲ ਵੱਖ-ਵੱਖ ਸਿਆਸਤ ਕਰਨਾ ਚਾਉਂਦੇ ਹੋਣ ਪਰ ਗੱਲਬਾਤ ਦਾ ਰਸਤਾ ਬੰਦ ਨਹੀਂ ਕਰਨਾ ਚਾਹੁੰਦੇ ਹਨ।
ਵੈਸੇ ਅਕਾਲੀ ਦਲ ਨੇ ਰਾਸ਼ਟਰਪਤੀ ਉਮੀਦਵਾਰ ਦੀ ਹਿਮਾਇਤ ਕਰਨ ਦੇ ਲਈ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਸੀ। ਜਿਸ ਵਿੱਚ ਪਾਰਟੀ ਹਿਮਾਇਤ ‘ਤੇ ਫੈਸਲਾ ਕਰੇਗੀ। ਮੰਨਿਆ ਇਹ ਹੀ ਜਾ ਰਿਹਾ ਕਿ ਅਕਾਲੀ ਦਲ ਬੀਜੇਪੀ ਦੇ ਉਮੀਦਵਾਰ ਨੂੰ ਹੀ ਹਿਮਾਇਤ ਦੇਵੇਗਾ ਕਿਉਂਕਿ ਜਿਸ ਤਰ੍ਹਾਂ ਨਾਲ ਪਾਰਟੀ ਦੇ ਹਾਲਾਤ ਨੇ ਉਨ੍ਹਾਂ ਕੋਲ ਜ਼ਿਆਦਾ ਬਦਲ ਨਹੀਂ ਹੈ। ਬੀਜੇਪੀ ਨੂੰ ਉਹ ਹੋਰ ਨਰਾਜ਼ ਕਰਕੇ ਆਪਣੇ ਲਈ ਮੁਸੀਬਤ ਨਹੀਂ ਖੜੀ ਕਰਨਾ ਚਾਹੁੰਦੇ । ਹਾਲਾਂਕਿ ਅਕਾਲੀ ਦਲ ਕੋਲ ਯਸ਼ਵੰਤ ਸਿਨਹਾ ਦੀ ਹਿਮਾਇਤ ਨਾ ਕਰਨ ਦੀ ਠੋਸ ਵਜ੍ਹਾਂ ਹੈ। ਪਾਰਟੀ ਕਹਿ ਸਕਦੀ ਹੈ ਕੀ ਕਾਂਗਰਸ ਯਸ਼ਵੰਤ ਸਿਨਹਾ ਦਾ ਸਮਰਥਨ ਕਰ ਰਹੀ ਹੈ ਇਸ ਲਈ ਉਹ ਸਿਨਹਾ ਨੂੰ ਹਿਮਾਇਤ ਨਹੀਂ ਦੇ ਸਕਦੇ ।
ਬੀਜੇਪੀ ਦਾ ਸਾਥ ਛੱਡਣ ਤੋਂ ਅਕਾਲੀ ਦਲ ਨੂੰ ਵੱਧ ਨੁਕਸਾਨ
ਕਿਸਾਨ ਅੰਦੋਲਨ ਦੀ ਵਜ੍ਹਾਂ ਕਰਕੇ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਛੱਡ ਦਿੱਤਾ ਸੀ ਪਰ ਪਾਰਟੀ ਨੂੰ ਪਿਛਲੀਆਂ 2 ਚੋਣਾਂ ਵਿੱਚ ਇਸ ਦਾ ਵੱਧ ਨੁਕਸਾਨ ਹੋਇਆ ਹੈ। 2022 ਦੀਆਂ ਚੋਣਾਂ ਵਿੱਚ ਪਾਰਟੀ 3 ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ ਜਦਕਿ ਸੰਗਰੂਰ ਜ਼ਿਮਨੀ ਚੋਣ ਵਿੱਚ ਤਾਂ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਬੀਜੇਪੀ ਦੇ ਉਮੀਦਵਾਰ ਤੋਂ ਵੀ ਘੱਟ ਵੋਟ ਹਾਸਲ ਹੋਏ ।