Punjab

ਕੋਟਕਪੂਰਾ ਤੋਂ ਮਿਲਿਆ ਚੰਡੀਗੜ੍ਹ ਤੋਂ ਅਗਵਾਹ ਕੀਤਾ ਗਿਆ ਪੱਤਰਕਾਰ, ਮੁਲਜ਼ਮ ਫਰਾਰ

ਬਿਊਰੋ ਰਿਪੋਰਟ (ਚੰਡੀਗੜ੍ਹ, 5 ਨਵੰਬਰ 2025): ਚੰਡੀਗੜ੍ਹ ਤੋਂ ਅਗਵਾਹ ਕੀਤੇ ਗਏ ਹਮਦਰਦ ਚੈਨਲ ਦੇ ਪੱਤਰਕਾਰ ਗੁਰਪਿਆਰ ਸਿੰਘ ਨੂੰ ਕੋਟਕਪੂਰਾ ਤੋਂ ਜ਼ਿਲ੍ਹਾ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਨੇ ਪਟਿਆਲਾ, ਬਠਿੰਡਾ ਅਤੇ ਫਰੀਦਕੋਟ ਪੁਲਿਸ ਦੀ ਮਦਦ ਨਾਲ ਇੱਕ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਹਰਦੀਪ ਸਿੰਘ ਅਤੇ ਜੱਸਾ ਸਿੰਘ ਵਜੋਂ ਕੀਤੀ ਹੈ, ਜੋ ਫਰਾਰ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।

ਜਾਣਕਾਰੀ ਅਨੁਸਾਰ, ਇੱਕ ਦਿਨ ਪਹਿਲਾਂ ਨਿਹੰਗ ਸਿੰਘਾਂ ਦੇ ਪਹਿਰਾਵੇ ਵਿੱਚ ਆਏ ਆਗਵਾਹਕਾਰਾਂ ਵੱਲੋਂ ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਨੂੰ ਲੈ ਕੇ ਉਸ ਨੂੰ ਅਗਵਾਹ ਕਰ ਲਿਆ ਗਿਆ ਸੀ। ਮੁਲਜ਼ਮ ਨਿਹੰਗ ਪਹਿਰਾਵੇ ਵਿੱਚ ਆਏ ਅਤੇ ਉਸ ’ਤੇ ਹਮਲਾ ਕਰਨ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਸਨ।

ਹਾਸਲ ਜਾਣਕਾਰੀ ਮੁਤਾਬਕ ਪੱਤਰਕਾਰ ਗੁਰਪਿਆਰ ਦੇ ਪਰਿਵਾਰਕ ਮੈਬਰਾਂ ਦਾ ਕੁਝ ਮਹੀਨੇ ਪਹਿਲਾਂ ਕਿਸੇ ਦਲਾਲ ਨਾਲ ਜਾਇਦਾਦ ਦਾ ਵਿਵਾਦ ਸੀ, ਦੱਸਿਆ ਜਾ ਰਿਹਾ ਹੈ ਕਿ ਉਸ ਮਸਲੇ ਨੂੰ ਸੁਲਝਾਉਣ ਲਈ ਗੁਰਪਿਆਰ ਸਿੰਘ ਨੇ ਨਿਹੰਗ ਸਿੰਘਾਂ ਦੀ ਮਦਦ ਲਈ ਸੀ।

ਗੁਰਪਿਆਰ ਸਿੰਘ ਦੇ ਦੱਸਣ ਮੁਤਾਬਕ ਕੁਝ ਦਿਨਾਂ ਬਾਅਦ ਉਹੀ ਨਿਹੰਗ ਸਿੰਘ ਇਸਦੇ ਹੀ ਪਰਵਾਰ ਖ਼ਿਲਾਫ਼ ਹੋ ਗਏ ਸੀ ਤੇ ਪੈਸੇ ਮੰਗਣ ਲੱਗ ਗਏ ਸੀ, ਇਸ ਕਰਕੇ ਗੁਰਪਿਆਰ ਸਿੰਘ ਨੇ ਆਪਣੇ ਇਲਾਕੇ ਵਿੱਚ ਮੂਨਕ ਵੱਲ ਪੁਲਿਸ ਨੂੰ ਨਿਹੰਗ ਸਿੰਘਾਂ ਦੀ ਸ਼ਿਕਾਇਤ ਵੀ ਕੀਤੀ ਸੀ। ਇਕ ਵਾਰ ਉਕਤ ਨਿਹੰਗਾਂ ਨੇ ਗੁਰਪਿਆਰ ਸਿੰਘ ਦੇ ਵਕੀਲ ਦੇ ਪਿੰਡ ਜਾ ਕੇ ਵੀ ਧਮਕੀਆਂ ਦਿੱਤੀਆਂ ਸਨ।