‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰ ਸਾਸ਼ਿਤ ਪ੍ਰਦੇਸ਼ ਜੰਮੂ ਕਮਸ਼ੀਰ ਦੇ ਪ੍ਰਸ਼ਾਸਨ ਨੇ ਕਾਨੂੰਨ ਪ੍ਰਬੰਧ ਨਾਲ ਛੇੜਛਾੜ ਕਰਨ ਵਾਲਿਆਂ ਤੇ ਪੱਥਰਬਾਜੀ ਦੇ ਮਾਮਲਿਆਂ ਵਿਚ ਸ਼ਾਮਿਲ ਲੋਕਾਂ ਉੱਪਰ ਸਖਤੀ ਵਰਤਣ ਦੇ ਹੁਕਮ ਦਿੱਤੇ ਹਨ। ਪ੍ਰਸ਼ਾਸਨ ਨੇ ਕਿਹਾ ਹੈ ਕਿ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ, ਪੱਥਰਬਾਜੀ ਵਿਚ ਸ਼ਾਮਿਲ ਤੇ ਯੂਟੀ ਦੀ ਸੁਰੱਖਿਆ ਨਾਲ ਜੁੜੇ ਹੋਰ ਮਾਮਲਿਆਂ ਵਿਚ ਪਾਸਪੋਰਟ ਦੇ ਲਈ ਜਰੂਰੀ ਸੁਰੱਖਿਆ ਮਨਜੂਰੀ ਨਹੀਂ ਦਿੱਤੀ ਜਾਵੇਗੀ। ਇਸ ਸੰਬੰਧ ਵਿਚ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਇਕ ਸਰਕੁਲਰ ਵੀ ਜਾਰੀ ਕੀਤਾ ਹੈ। ਕਸ਼ਮੀਰ ਵਿਚ ਪੱਥਰਬਾਜੀ ਕਰਨ ਵਾਲਿਆਂ ਲਈ ਇਸ ਸਰਕੁਲਰ ਵਿਚ ਵੱਡਾ ਸੰਦੇਸ਼ ਹੈ।
ਜੰਮੂ ਕਸ਼ਮੀਰ ਸਰਕਾਰ, ਕ੍ਰਿਮੀਨਲ ਇੰਨਵੈਸਟੀਗੇਸ਼ਨ ਡਿਪਾਰਟਮੈਂਟ, ਸਪੈਸ਼ਲ ਬ੍ਰਾਂਚ ਕਸ਼ਮੀਰ ਵੱਲੋਂ ਇਹ ਸਰਕੁਲਰ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪਾਸਪੋਰਟ, ਹੋਰ ਸੇਵਾਵਾਂ ਜਾਂ ਸਰਕਾਰ ਦੀਆਂ ਯੋਜਨਾਵਾਂ ਜਾਂ ਸੇਵਾ ਨਾਲ ਜੁੜੇ ਵੈਰੀਫਿਕੇਸ਼ਨ ਦੇ ਮਾਮਲਿਆਂ ਵਿਚ ਇਹ ਨਵਾਂ ਦਿਸ਼ਾਨਿਰਦੇਸ਼ ਲਾਗੂ ਹੋਵੇਗਾ।
ਸਰਕੁਲਰ ਵਿਚ ਕਿਹਾ ਗਿਆ ਹੈ ਕਿ ਕਾਨੂੰਨ ਪ੍ਰਬੰਧ ਦੇ ਉਲੰਘਣ, ਪੱਥਰਬਾਜੀ ਦੇ ਮਾਮਲੇ ਜਾਂ ਜੰਮੂ ਕਸ਼ਮੀਰ ਦੀ ਸੁਰੱਖਿਆ ਦੇ ਮੁੱਦਿਆਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਇਸ ਲਈ ਸਥਾਨਕ ਪੁਲਿਸ ਨਾਲ ਤਾਲਮੇਲ ਬਣਾਇਆ ਜਾਵੇਗਾ। ਸੀਸੀਟੀਵੀ ਫੁਟੇਜ, ਫੋਟੋਗ੍ਰਾਫੀ, ਵੀਡੀਓ ਤੇ ਆਡਿਓ ਕਲਿੱਪ ਵਰਗੇ ਇਲੈਕਟ੍ਰਾਨਿਕ ਸਬੂਤਾਂ ਦਾ ਨੋਟਿਸ ਲਿਆ ਜਾਵੇਗਾ, ਜਿਹੜੇ ਪੁਲਿਸ, ਸੁਰੱਖਿਆ ਬਲ ਤੇ ਏਜੰਸੀਆਂ ਕੋਲ ਹਨ।ਜੇਕਰ ਕੋਈ ਇਨ੍ਹਾਂ ਮਾਮਲਿਆਂ ਵਿਚ ਲੋੜੀਂਦਾ ਹੈ ਤਾਂ ਉਸਨੂੰ ਸੁਰੱਖਿਆ ਸੰਬੰਧੀ ਕੋਈ ਮਨਜੂਰੀ ਨਹੀਂ ਮਿਲੇਗੀ।
ਦੱਸਦਈਏ ਕਿ ਪਿਛਲੇ ਇਕ ਤੋਂ ਡੇਢ ਸਾਲ ਵਿਚ ਜੰਮੂ ਕਸ਼ਮੀਰ ਵਿਚ ਪੱਥਰਬਾਜੀ ਦੀਆਂ ਘਟਨਾਵਾਂ ਵਿਚ ਕਾਬਿਲੇਗੌਰ ਕਮੀ ਆਈ ਹੈ। ਪ੍ਰਸ਼ਾਸਨ ਤੇ ਪੁਲਿਸ ਨੇ ਪੱਥਰਬਾਜੀ ਨੂੰ ਫੰਡਿਗ ਕਰਨ ਵਾਲੇ ਸਥਾਨਕ ਲੋਕਾਂ ਤੇ ਵਿਦੇਸ਼ੀ ਤੱਤਾਂ ਉੱਤੇ ਸਿਕੰਜਾਂ ਕੱਸਿਆ ਹੈ। ਪੱਥਰਬਾਜੀ ਵਿਚ ਮਦਦ ਕਰਨ ਵਾਲੇ ਵੱਖਵਾਦੀ ਤੱਤਾਂ ਉੱਤੇ ਵੀ ਸਖਤੀ ਕੀਤੀ ਗਈ ਹੈ।