India

ਸ਼ਾਪਿੰਗ ਕਰਨ ਗਈ ਅਦਾਕਾਰਾ ਨੂੰ ਅਪਰਾਧੀਆਂ ਨਾਲ ਭਿੜਨਾ ਪਿਆ ਮਹਿੰਗਾ , ਹੋਈ ਇਹ ਹਾਲਤ

Jharkhand actor Riya Kumari shot dead by snatchers in West Bengal-Reports

ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਅੱਜ ਲੁਟੇਰਿਆਂ ਨੇ ਝਾਰਖੰਡ ਦੀ ਅਦਾਕਾਰਾ ਰੀਆ ਕੁਮਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ ਤੜਕੇ ਹਾਵੜਾ ਜ਼ਿਲ੍ਹੇ ਦੇ ਹਾਈਵੇਅ ’ਤੇ ਲੁਟੇਰਿਆਂ ਨੇ ਅਦਾਕਾਰਾ ਦੇ ਪਰਿਵਾਰ ’ਤੇ ਹਮਲਾ ਕੀਤਾ। ਜਦੋਂ ਰੀਆ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।  ਪੁਲਿਸ ਨੇ ਦੱਸਿਆ ਕਿ ਝਾਰਖੰਡ ਦੀ ਰਹਿਣ ਵਾਲੀ ਅਦਾਕਾਰਾ ਰੀਆ ਕੁਮਾਰੀ ਆਪਣੇ ਪਤੀ ਪ੍ਰਕਾਸ਼ ਕੁਮਾਰ ਅਤੇ ਦੋ ਸਾਲਾ ਬੇਟੀ ਨਾਲ ਕਾਰ ’ਚ ਨੈਸ਼ਨਲ ਹਾਈਵੇਅ-16 ਰਾਹੀਂ ਕੋਲਕਾਤਾ ਜਾ ਰਹੀ ਸੀ। ਇਸ ਦੌਰਾਨ ਫਿਲਮ ਨਿਰਮਾਤਾ ਪ੍ਰਕਾਸ਼ ਕੁਮਾਰ ਨੇ ਸਵੇਰੇ 6 ਵਜੇ ਦੇ ਕਰੀਬ ਬਗਨਾਨ ਥਾਣੇ ਅਧੀਨ ਪੈਂਦੇ ਮਹੀਸ਼ਰੇਖਾ ਕੋਲ ਕਿਸੇ ਕੰਮ ਲਈ ਗੱਡੀ ਰੋਕੀ ਤਾਂ ਤਿੰਨ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦਾ ਸਾਮਾਨ ਲੁੱਟਣ ਦੀ ਕੋਸ਼ਿਸ਼ ਕੀਤੀ।

ਜਦੋਂ ਰੀਆ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਉਸ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਇਸ ਮਗਰੋਂ ਰੀਆ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਰੀਆ ਦੇ ਪਤੀ ਪ੍ਰਕਾਸ਼ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਫੋਰੈਂਸਿਕ ਜਾਂਚ ਲਈ ਗੱਡੀ ਜ਼ਬਤ ਕਰ ਲਈ ਗਈ ਹੈ।

ਮ੍ਰਿਤਕਾ ਦੇ ਪਤੀ ਪ੍ਰਕਾਸ਼ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ ‘ਚ ਦੱਸਿਆ ਹੈ ਕਿ ਜਦੋਂ ਉਹ ਮਹਾਸ਼ਰੇਖਾ ਪੁਲ ਨੇੜੇ ਪਿਸ਼ਾਬ ਕਰਨ ਲਈ ਉਤਰਿਆ ਤਾਂ ਦੋ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਬੰਦੂਕ ਦੀ ਨੋਕ ‘ਤੇ ਮੋਬਾਇਲ, ਪਰਸ ਅਤੇ ਹੋਰ ਸਾਮਾਨ ਖੋਹਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਈਸ਼ਾ ਕਾਰ ਤੋਂ ਹੇਠਾਂ ਉਤਰ ਗਈ ਅਤੇ ਅਪਰਾਧੀਆਂ ਨਾਲ ਭਿੜ ਗਈ।

ਇਸ ਦੌਰਾਨ ਇਕ ਅਪਰਾਧੀ ਨੇ ਈਸ਼ਾ ਦੇ ਕੰਨ ਹੇਠਾਂ ਗੋਲੀ ਮਾਰ ਦਿੱਤੀ। ਖੂਨ ਨਾਲ ਲੱਥਪੱਥ ਈਸ਼ਾ ਨੂੰ ਕਾਰ ਵਿਚ ਲੈ ਕੇ ਉਹ ਤਿੰਨ ਕਿਲੋਮੀਟਰ ਦੂਰ ਪਿਰਤਲਾ ਮੋੜ ਪਹੁੰਚ ਗਿਆ। ਉਥੇ ਖੜ੍ਹੇ ਕੁਝ ਲੋਕਾਂ ਤੋਂ ਮਦਦ ਮੰਗੀ। ਉਕਤ ਲੋਕਾਂ ਨੇ ਈਸ਼ਾ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਈਸ਼ਾ ਨੂੰ ਉਲਬੇਦੀਆ ਡਿਵੀਜ਼ਨਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਰੀਆ ਉਰਫ ਈਸ਼ਾ ਕੱਲ੍ਹ ਤੋਂ ਨਾਗਪੁਰੀ ਗੀਤ ਦੀ ਸ਼ੂਟਿੰਗ ਕਰਨ ਵਾਲੀ ਸੀ:

ਈਸ਼ਾ ਆਲੀਆ ਉਰਫ ਰੀਆ, ਜੋ ਕਿ ਝਾਲੀਵੁੱਡ, ਭੋਜਪੁਰੀ ਅਤੇ ਬੰਗਾਲੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ, ਵੀਰਵਾਰ ਤੋਂ ਰਾਂਚੀ ਵਿੱਚ ਨਾਗਪੁਰੀ ਫਿਲਮ “ਲਾਜੋ” ਲਈ ਇੱਕ ਗੀਤ ਦੀ ਸ਼ੂਟਿੰਗ ਕਰਨ ਵਾਲੀ ਸੀ। ਰੀਆ ਨਾਗਪੁਰੀ ਫਿਲਮ ਲਾਜੋ ਅਤੇ ਭੋਜਪੁਰੀ ਫਿਲਮ ਬੇਟੀ ਕੇ ਅਧਿਕਾਰ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਸੀ। ਦੋਵੇਂ ਫਿਲਮਾਂ ਨੂੰ ਸੈਂਸਰ ਬੋਰਡ ਸਰਟੀਫਿਕੇਸ਼ਨ ਲਈ ਭੇਜਿਆ ਗਿਆ ਸੀ। ਰੀਆ 2009 ਤੋਂ ਨਾਗਪੁਰੀ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਹੀ ਸੀ।

ਉਸਨੇ ਦਰਜਨਾਂ ਸੰਗੀਤ ਐਲਬਮਾਂ ਵਿੱਚ ਇੱਕ ਅਭਿਨੇਤਰੀ ਵਜੋਂ ਕੰਮ ਕੀਤਾ ਸੀ। ਈਸ਼ਾ ਕੇ ਨਸ਼ਾ ਤੋਰ ਪਿਆਰ ਕਾ…, ਤੋਰ ਬੀਨਾ… ਵਰਗੇ ਗੀਤ ਨਾਗਪੁਰੀ ਸੰਗੀਤ ਉਦਯੋਗ ਵਿੱਚ ਸੁਪਰਹਿੱਟ ਰਹੇ। ਨਾਗਪੁਰੀ ਅਭਿਨੇਤਾ ਵਿਵੇਕ ਨਾਇਕ ਦੇ ਨਾਲ ਉਸਦੇ ਨਾਗਪੁਰੀ ਗੀਤ ਤੋਰ ਬੀਨਾ ਨੇ 30 ਲੱਖ ਦਾ ਰਿਕਾਰਡ ਬਣਾਇਆ। ਉਸਨੇ ਹਿੰਦੀ ਅਤੇ ਭੋਜਪੁਰੀ ਕਲਾਕਾਰਾਂ ਨਾਲ ਵੀ ਕੰਮ ਕੀਤਾ ਹੈ।

ਇਹ ਘਟਨਾ ਬੁੱਧਵਾਰ ਸਵੇਰੇ 5.40 ਵਜੇ ਦਿਹਾਤੀ ਹਾਵੜਾ ਦੇ ਰਾਜਾਪੁਰ ਥਾਣਾ ਖੇਤਰ ਦੇ ਅਧੀਨ ਮਹਾਸ਼ਰੇਖਾ ਪੁਲ ਨੇੜੇ ਵਾਪਰੀ। ਪੁਲਿਸ ਸੀਸੀਟੀਵੀ ਫੁਟੇਜ ਅਤੇ ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।