ਬਿਉਰੋ ਰਿਪੋਰਟ: ਚੰਡੀਗੜ੍ਹ ਵਾਸੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ 1 ਅਗਸਤ ਤੋਂ ਬਿਜਲੀ ਦੀਆਂ ਕੀਮਤਾਂ ਵਧ ਸਕਦੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਦੀ ਪਟੀਸ਼ਨ ’ਤੇ ਸੁਣਵਾਈ ਮਗਰੋਂ ਸਾਂਝੇ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਕੀਮਤਾਂ ਨੂੰ ਦੋ ਸਲੈਬਾਂ ’ਚ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਪਾਣੀ ਦੀਆਂ ਕੀਮਤਾਂ ਵੀ ਵਧਾਈਆਂ ਗਈਆਂ ਹਨ।
ਨਵੀਆਂ ਸਿਫ਼ਾਰਿਸ਼ਾਂ ਮੁਤਾਬਕ ਚੰਡੀਗੜ੍ਹ ਵਿੱਚ ਬਿਜਲੀ ਵੱਧ ਤੋਂ ਵੱਧ 16 ਫੀਸਦੀ ਮਹਿੰਗੀ ਹੋ ਜਾਵੇਗੀ। ਘਰੇਲੂ ਬਿਜਲੀ ਦੇ ਬਿੱਲਾਂ ਉੱਤੇ ਸਥਿਰ ਚਾਰਜ ਸਿੱਧੇ ਤੌਰ ’ਤੇ ਦੁੱਗਣਾ ਹੋ ਜਾਵੇਗਾ। ਸ਼ਹਿਰ ਵਿੱਚ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਵੱਲੋਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਪਰ ਬਿਜਲੀ ਦੀਆਂ ਕੀਮਤਾਂ ਵਧਣ ਜਾਂ ਘਟਣ ਦਾ ਫੈਸਲਾ ਜੇਈਆਰਸੀ ਤੈਅ ਕਰਦਾ ਹੈ।
ਜਾਣਕਾਰੀ ਮੁਤਾਬਕ ਇੰਜਨੀਅਰਿੰਗ ਵਿਭਾਗ ਨੇ ਇਸ ਵਾਰ ਘਰੇਲੂ ਬਿਜਲੀ ਦੀਆਂ ਕੀਮਤਾਂ ਵਿੱਚ 23.35 ਫੀਸਦੀ ਵਾਧਾ ਕਰਨ ਦੀ ਸਿਫ਼ਾਰਿਸ਼ ਕੀਤੀ ਸੀ ਪਰ ਜਨਤਕ ਸੁਣਵਾਈ ਦੌਰਾਨ ਲੋਕਾਂ ਨੇ ਕੀਮਤਾਂ ਵਿਚ ਵਾਧੇ ਦਾ ਸਖ਼ਤ ਵਿਰੋਧ ਕੀਤਾ। ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਆਪਸ ਵਿਚ ਭਿੜ ਗਏ। ਬਹਿਸ ਹੋਣ ਕਾਰਨ ਪੁਲਿਸ ਵੀ ਬੁਲਾਉਣੀ ਪਈ। ਇਸੇ ਦੌਰਾਨ ਜੇਈਆਰਸੀ ਨੇ ਸੁਣਵਾਈ ਅੱਧ ਵਿਚਾਲੇ ਰੋਕ ਦਿੱਤੀ ਸੀ।