India Punjab

ਵੱਡੇ ਵਿਰੋਧ ਦੇ ਬਾਵਜੂਦ JEE ਦੀ ਪ੍ਰੀਖਿਆ ਹੋਈ ਸ਼ੁਰੂ, ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਦੀ ਸੂਬਾ ਸਰਕਾਰਾਂ ਨੂੰ ਅਪੀਲ

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਅੱਜ ਨੈਸ਼ਨਲ ਏਜੰਸੀ ਵੱਲੋਂ ਦੇਸ਼ ਭਰ ਵਿੱਚ JEE ਦੀ ਪ੍ਰੀਖਿਆ ਦੀ ਸ਼ੁਰੂਆਤ ਕੀਤੀ ਗਈ ਹੈ ਜੋ 6 ਸਤੰਬਰ ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ NEET ਦੀ ਪ੍ਰੀਖਿਆ 13 ਸਤੰਬਰ ਤੋਂ ਸ਼ੁਰੂ ਹੋਵੇਗੀ। JEE ਦੀ ਪ੍ਰੀਖਿਆ ਸਬੰਧੀ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਦੋ-ਦੋ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਹੋਵੇਗੀ ਇਕ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਦੂਸਰੀ ਸ਼ਿਫਟ 3 ਤੋਂ 6 ਵਜੇ ਤੱਕ ਹੋਵੇਗੀ।

 

ਕੋਰੋਨਾਵਾਇਰਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੀਖਿਆ ਸਬੰਧੀ ਕਈ ਨਿਯਮ ਬਣਾਏ ਗਏ ਹਨ। ਸੋਸ਼ਲ ਡਿੰਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਵਿਦਿਆਰਥੀਆਂ ਨੂੰ 4 ਤੋਂ 5 ਮੀਟਰ ਦੀ ਦੂਰੀ ਤੱਕ ਬਠਾਇਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਆਪੋ-ਆਪਣੇ ਸੈਨੇਟਾਈਜ਼ਰ ਨਾਲ ਲੈ ਕੇ ਆਉਣੇ ਲਾਜ਼ਮੀ ਹਨ। ਜਿਹੜੇ ਵੀ ਸੂਬਿਆਂ ਤੋਂ ਵਿਦਿਆਰਥੀ ਪ੍ਰੀਖਿਆ ਦੇਣ ਲਈ ਆਉਣਗੇ ਉਹਨਾਂ ਕੋਲ ਵੈਬਸਾਈਟ ਦਾ ਫਾਰਮ ਡਾਊਨਲੋਡ ਕਰਕੇ ਨਾਲ ਲੈ ਕੇ ਆਉਣਾ ਲਾਜ਼ਮੀ ਹੈ।

ਇਸ ਤੋਂ ਇਲਾਵਾ ਪ੍ਰੀਖਿਆ ਦੌਰਾਨ ਸੈਂਟਰ ਵੱਲੋਂ ਪ੍ਰੀਖਿਆਰਥੀਆਂ ਨੂੰ ਮਾਸਕ ਵੱਖਰੇ ਤੋਂ ਦਿੱਤੇ ਜਾਣਗੇ।

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਹਾਲਾਂਕਿ JEE ਅਤੇ NEET ਦੀ ਪ੍ਰੀਖਿਆ ਨੂੰ ਲੈ ਕੇ ਚੰਡੀਗੜ੍ਹ ‘ਚ ਯੂਥ ਕਾਂਗਰਸ ਵੱਲੋਂ  ਪ੍ਰਦਰਸ਼ਨ ਵੀ ਕੀਤੇ ਗਏ ਸਨ ਅਤੇ ਕਾਂਗਰਸ ਵੱਲੋਂ ਲੰਮੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਨੂੰ ਇਹ ਪ੍ਰੀਖਿਆ ਅਕਤੂਬਰ ਤੱਕ ਮੁਲਤਵੀ ਕਰ ਦੇਣੀ ਚਾਹੀਦੀ ਸੀ। ਇਨ੍ਹਾਂ ਹੀ ਨਹੀਂ  ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਕੋਰਟ ਨੇ ਬਰਖਾਸਤ ਕਰ ਦਿੱਤਾ।