India Sports

ICC ਦੇ ਨਵੇਂ ਚੇਅਰਮੈਨ ਹੋਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ!

ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ। ਇਸ ਤੋਂ ਠੀਕ ਪਹਿਲਾਂ, ਮੰਗਲਵਾਰ ਨੂੰ, ਉਨ੍ਹਾਂ ਆਪਣੇ ਆਪ ਨੂੰ ਤੀਜੇ ਕਾਰਜਕਾਲ ਦੀ ਦੌੜ ਤੋਂ ਦੂਰ ਕਰ ਲਿਆ, ਜਿਸ ਨਾਲ ਖੇਡ ਦੀ ਗਲੋਬਲ ਗਵਰਨਿੰਗ ਬਾਡੀ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਦੇ ਭਵਿੱਖ ਬਾਰੇ ਕਿਆਸ ਤੇਜ਼ ਹੋ ਗਏ ਸਨ।

ਹੁਣ ਮੀਡੀਆ ਵਿੱਚ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਹੈ ਕਿ ਜੈ ਸ਼ਾਹ ਨੂੰ ICC ਦਾ ਅਗਲਾ ਚੇਅਰਮੈਨ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ਅਤੇ ਇੰਗਲੈਂਡ ਤੋਂ ਵੀ ਸਮਰਥਨ ਮਿਲਿਆ ਹੈ ਜਿਸ ਕਾਰਨ ਇਹ ਗੱਲ ਸਾਹਮਣੇ ਆਈ ਹੈ। ਚੇਅਰਮੈਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਆਖਰੀ ਮਿਤੀ 27 ਅਗਸਤ ਹੈ।

ਜੇਕਰ ਸ਼ਾਹ ਆਪਣੇ ਸਕੱਤਰ ਅਹੁਦੇ ’ਤੇ ਇਕ ਸਾਲ ਬਾਕੀ ਰਹਿ ਕੇ ਆਈਸੀਸੀ ’ਚ ਜਾਣ ਦਾ ਫੈਸਲਾ ਕਰਦੇ ਹਨ, ਤਾਂ ਉਨ੍ਹਾਂ ਕੋਲ ਬੀਸੀਸੀਆਈ ’ਚ ਚਾਰ ਸਾਲ ਬਾਕੀ ਰਹਿ ਜਾਣਗੇ। 35 ਸਾਲ ਦੀ ਉਮਰ ਵਿੱਚ, ਉਹ ਆਈਸੀਸੀ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਚੇਅਰਮੈਨ ਬਣ ਸਕਦੇ ਹਨ। ਜਗਮੋਹਨ ਡਾਲਮੀਆ, ਸ਼ਰਦ ਪਵਾਰ, ਐੱਨ ਸ਼੍ਰੀਨਿਵਾਸਨ ਅਤੇ ਸ਼ਸ਼ਾਂਕ ਮਨੋਹਰ ਉਹ ਭਾਰਤੀ ਹਨ ਜੋ ਪਹਿਲਾਂ ICC ਦੀ ਅਗਵਾਈ ਕਰ ਚੁੱਕੇ ਹਨ। ਆਈਸੀਸੀ ਚੇਅਰਮੈਨ ਦੋ-ਦੋ ਸਾਲ ਦੇ ਤਿੰਨ ਕਾਰਜਕਾਲ ਲਈ ਯੋਗ ਹੈ ਅਤੇ ਨਿਊਜ਼ੀਲੈਂਡ ਦੇ ਵਕੀਲ ਬਾਰਕਲੇ ਨੇ ਹੁਣ ਤੱਕ ਚਾਰ ਸਾਲ ਪੂਰੇ ਕਰ ਲਏ ਹਨ।

ਆਈਸੀਸੀ ਨੇ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਕੇ ਚੇਅਰਮੈਨ ਗ੍ਰੇਗ ਬਾਰਕਲੇ ਨੇ ਬੋਰਡ ਨੂੰ ਪੁਸ਼ਟੀ ਕੀਤੀ ਹੈ ਕਿ ਉਹ ਤੀਜੇ ਕਾਰਜਕਾਲ ਲਈ ਖੜ੍ਹੇ ਨਹੀਂ ਹੋਣਗੇ ਅਤੇ ਨਵੰਬਰ ਦੇ ਅੰਤ ਵਿੱਚ ਆਪਣੇ ਮੌਜੂਦਾ ਕਾਰਜਕਾਲ ਦੇ ਅੰਤ ਵਿੱਚ ਅਹੁਦਾ ਛੱਡ ਦੇਣਗੇ। ਬਾਰਕਲੇ ਨੂੰ ਨਵੰਬਰ 2020 ਵਿੱਚ ਆਈਸੀਸੀ ਦਾ ਸੁਤੰਤਰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਹ 2022 ਵਿੱਚ ਇਸ ਅਹੁਦੇ ਲਈ ਦੁਬਾਰਾ ਚੁਣੇ ਗਏ ਸਨ। ਆਈਸੀਸੀ ਨਿਯਮਾਂ ਅਨੁਸਾਰ ਚੇਅਰਮੈਨ ਦੀ ਚੋਣ ਵਿੱਚ 16 ਵੋਟਾਂ ਹੁੰਦੀਆਂ ਹਨ ਅਤੇ ਹੁਣ ਜੇਤੂ ਲਈ ਨੌਂ ਵੋਟਾਂ ਦਾ ਸਧਾਰਨ ਬਹੁਮਤ (51%) ਜ਼ਰੂਰੀ ਹੁੰਦਾ ਹੈ। ਪਹਿਲਾਂ ਚੇਅਰਮੈਨ ਬਣਨ ਲਈ ਅਹੁਦੇਦਾਰ ਕੋਲ ਦੋ ਤਿਹਾਈ ਬਹੁਮਤ ਹੋਣਾ ਜ਼ਰੂਰੀ ਸੀ।

ਜੈ ਸ਼ਾਹ ਦੇ 16 ਵੋਟਿੰਗ ਮੈਂਬਰਾਂ ਵਿੱਚੋਂ ਬਹੁਤੇ ਨਾਲ ਬਹੁਤ ਚੰਗੇ ਸਬੰਧ ਹਨ। ਮੌੌਜੂਦਾ ਸ਼ਾਹ ਦੇ ਬੀਸੀਸੀਆਈ ਸਕੱਤਰ ਵਜੋਂ ਆਪਣੇ ਕਾਰਜਕਾਲ ਵਿੱਚ ਇੱਕ ਸਾਲ ਬਚਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਕਤੂਬਰ 2025 ਤੋਂ ਤਿੰਨ ਸਾਲਾਂ ਦਾ ਲਾਜ਼ਮੀ ਬ੍ਰੇਕ (ਕੂਲਿੰਗ ਆਫ ਪੀਰੀਅਡ) ਲੈਣਾ ਹੋਵੇਗਾ। ਸੁਪਰੀਮ ਕੋਰਟ ਦੁਆਰਾ ਪ੍ਰਵਾਨਿਤ ਬੀਸੀਸੀਆਈ ਦੇ ਸੰਵਿਧਾਨ ਦੇ ਅਨੁਸਾਰ, ਇੱਕ ਅਹੁਦੇਦਾਰ ਤਿੰਨ ਸਾਲ ਦੇ ਕੂਲਿੰਗ ਆਫ ਪੀਰੀਅਡ ਤੋਂ ਪਹਿਲਾਂ ਛੇ ਸਾਲ ਤੱਕ ਅਹੁਦਾ ਸੰਭਾਲ ਸਕਦਾ ਹੈ। ਕੁੱਲ ਮਿਲਾ ਕੇ, ਕੋਈ ਵਿਅਕਤੀ ਕੁੱਲ 18 ਸਾਲਾਂ ਲਈ ਅਹੁਦਾ ਸੰਭਾਲ ਸਕਦਾ ਹੈ – ਰਾਜ ਸੰਘ ਵਿੱਚ ਨੌਂ ਸਾਲ ਅਤੇ ਬੀਸੀਸੀਆਈ ਵਿੱਚ ਨੌਂ ਸਾਲ।