Punjab

ਜਥੇਦਾਰ ਦੀ ਸਿੱਖ ਵਿਰੋਧੀਆਂ ਨੂੰ ਸਖ਼ਤ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਵਿਰੁੱਧ ਰਚੀਆਂ ਜਾ ਰਹੀਆਂ ਸਾਜਿਸ਼ਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਿੱਛੇ ਜਿਹੇ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕਿਸਾਨਾਂ ਨੇ ਇੱਕ ਸੰਮੇਲਨ ਕੀਤਾ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਵੀ ਸ਼ਾਮਿਲ ਹੋਏ ਸਨ। ਉੱਥੇ ਕੁੱਝ ਸ਼ਰਾਰਤੀ ਅਨਸਰਾਂ ਨੇ ਗਾਤਰੇ ਪਾ ਕੇ ਉਸ ਚੱਲਦੇ ਸਮਾਗਮ ਵਿੱਚ ਵਿਘਨ ਪਾਉਣ ਦਾ ਯਤਨ ਕੀਤਾ ਸੀ। ਉਸ ਵਕਤ ਹਰਿਆਣਾ ਦੇ ਸਿੱਖ ਨੌਜਵਾਨਾਂ ਨੇ ਉਨ੍ਹਾਂ ਨੂੰ ਪਕੜਿਆ ਪਰ ਹਰਿਆਣਾ ਸਰਕਾਰ ਜਾਂ ਪ੍ਰਸ਼ਾਸਨ ਨੇ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸਦਾ ਨਤੀਜਾ ਇਹ ਨਿਕਲਿਆ ਕਿ ਉਲਟਾ ਸ਼ਰਾਰਤੀ ਅਨਸਰਾਂ ਨੇ ਉੱਥੋਂ ਦੇ ਸਿੱਖ ਆਗੂਆਂ ‘ਤੇ ਪਰਚਾ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਹਰਿਆਣੇ ਦੀ ਦੇਵ ਸੈਨਾ ਨਾਂ ਦੀ ਕੋਈ ਅਖੌਤੀ ਜਥੇਬੰਦੀ ਹੈ, ਜੋ ਇਹ ਕੰਮ ਕਰ ਰਹੀ ਹੈ। ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਇਸ ਜਥੇਬੰਦੀ ਨੂੰ ਨਕੇਲ ਪਾਉਣ ਦੀ ਨਸੀਹਤ ਦਿੱਤੀ ਹੈ।

ਜਥੇਦਾਰ ਨੇ ਕਿਹਾ ਕਿ ਇਸ ਜਥੇਬੰਦੀ ਨੇ ਇੱਕ ਹੋਰ ਵੀਡੀਓ ਰਾਹੀਂ ਧਮਕੀ ਦਿੱਤੀ ਹੈ ਕਿ ਉਹ 21 ਅਗਸਤ ਨੂੰ ਗਾਤਰੇ ਪਾ ਕੇ ਉਸੇ ਤਰ੍ਹਾਂ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗੀ। ਜਥੇਦਾਰ ਨੇ ਕਿਹਾ ਕਿ ਇਹ ਜਥੇਬੰਦੀ ਹਰਿਆਣਾ ਦਾ ਮਾਹੌਲ ਖ਼ਰਾਬ ਕਰ ਰਹੀ ਹੈ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ। ਇਹ ਜਥੇਬੰਦੀ ਹਿੰਦੂ-ਸਿੱਖਾਂ ਵਿੱਚ ਪਾੜਾ ਪਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕੁਰੂਕਸ਼ੇਤਰ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸਦਾ ਜ਼ਿੰਮੇਵਾਰ ਹਰਿਆਣਾ ਸਰਕਾਰ, ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਜਥੇਬੰਦੀ ਨੂੰ ਕਿਸੇ ਵੀ ਕੀਮਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਜਥੇਦਾਰ ਨੇ ਹਰਿਆਣਾ ਦੇ ਇੱਕ ਵਿਅਕਤੀ ਵੱਲੋਂ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਬਾਰੇ ਬੋਲੇ ਗਏ ਅਪਸ਼ਬਦਾਂ ਦਾ ਵੀ ਜ਼ਿਕਰ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਉਕਤ ਵਿਅਕਤੀ ਵੱਲੋਂ ਚੜੂਨੀ ਦੇ ਕੇਸਾਂ ਬਾਰੇ, ਦਸਤਾਰ ਬਾਰੇ ਅਤੇ ਦਾਹੜੀ ਬਾਰੇ ਗਲਤ ਸ਼ਬਦ ਬੋਲੇ ਹਨ। ਇਹ ਸਿਰਫ਼ ਚੜੂਨੀ ਦੇ ਖ਼ਿਲਾਫ਼ ਹੀ ਨਹੀਂ, ਸਾਰੀ ਸਿੱਖ ਕੌਮ ਦੇ ਖ਼ਿਲਾਫ਼ ਅਪਸ਼ਬਦ ਬੋਲੇ ਗਏ ਹਨ। ਹਰਿਆਣਾ ਸਰਕਾਰ ਉਸਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰੇ ਅਤੇ ਉਸਨੂੰ ਜੇਲ੍ਹ ਵਿੱਚ ਬੰਦ ਕਰੇ।