Punjab Religion

ਅਧਿਕਾਰਤ ਖੇਤਰ ਦੇ ਸਵਾਲ ’ਤੇ ਜਥੇਦਾਰ ਦਾ ਵੱਡਾ ਬਿਆਨ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਕਰਨ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਦਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਦੁਖਦਾਈ ਹੈ।

7 ਮੈਂਬਰੀ ਕਮੇਟੀ ਵਿੱਚ ਵੀ ਹੋਣ ਸਾਮਿਲ- ਜੱਥੇਦਾਰ

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਵੀ ਨੈਤਿਕਤਾ ਹੈ ਕਿ ਧਾਮੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਵਿੱਚ ਸ਼ਾਮਿਲ ਹੋ ਕੇ ਉਸ ਦੀ ਪ੍ਰਧਾਨਗੀ ਕਰਨ ਅਤੇ ਜੋ ਜਿੰਮੇਵਾਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਹੈ ਉਸ ਨੂੰ ਨਿਭਾਉਣ।

ਮੀਡੀਆ ਨਾਲ ਗੱਲਬਾਤ ਦੌਰਾਨ ਸਵਾਲ ਪੁੱਛੇ ਜਾਣ ’ਤੇ, ਜਥੇਦਾਰ ਨੇ ਆਪਣੇ ਅਸਤੀਫ਼ੇ ਦੀਆਂ ਅਟਕਲਾਂ ਤੋਂ ਇਨਕਾਰ ਨਹੀਂ ਕੀਤਾ ਤੇ ਕਿਹਾ ਕਿ ਜੋ ਵੀ ਗੁਰੂ ਜੀ ਨੂੰ ਮਨਜ਼ੂਰ ਹੋਵੇਗਾ ਉਹ ਹੋਵੇਗਾ। ਇਸ ਸਮੇਂ ਦੌਰਾਨ, ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਸ਼ਕਤੀਆਂ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਜੱਥੇਦਾਰ ਦਾ ਦਰਦ ਆਇਆ ਸਾਹਮਣੇ

ਅੰਤ੍ਰਿੰਗ ਕਮੇਟੀ ਵੱਲੋਂ ਜੱਥੇਦਾਰ ਤੇ ਕੀਤੀ ਟਿੱਪਣੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਅਜਿਹਾ ਲੱਗਦਾ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਦੁਨੀਆਂ ਭਰ ਦੇ ਸਿੱਖਾਂ ਤੇ ਲਾਗੂ ਹੁੰਦਾ ਹੈ ਪਰ ਕੱਲ੍ਹ ਵਾਲੀ ਕਾਰਵਾਈ ਤੋਂ ਬਾਅਦ ਲੱਗਦਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਚਾਰਦਵਾਰੀ ਅੰਦਰ ਲਾਗੂ ਹੁੰਦਾ ਹੈ ਅਤੇ ਉੱਥੇ ਹੀ ਖ਼ਤਮ ਹੋ ਜਾਂਦਾ ਹੈ।

ਉਨ੍ਹਾਂ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਪਾਈ ਗਈ ਪੋਸਟ ’ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਹੁਦਾ ਛੋਟਾ ਹੋਵੇ ਜਾਂ ਵੱਡਾ, ਸਭ ਦਾ ਸਤਿਕਾਰ ਕਾਇਮ ਰੱਖਣਾ ਚਾਹੀਦਾ ਹੈ।ਇਸ ਤੋਂ ਇਲਾਵਾ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਮੈਂ ਜਿਹੜੀ ਪੋਸਟ ਪਾਈ ਸੀ ਜਿਸ ਮਗਰੋਂ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਸੀ ਉਸ ਪੋਸਟ ਦਾ ਉਹਨਾਂ ਨਾਲ ਕੋਈ ਸਬੰਧ ਨਹੀਂ ਸੀ ਉਹ ਪੋਸਟ ਸਿਰਫ ਮੇਰੀ ਨਿਜੀ ਸੀ ਅਤੇ ਮੇਰੇ ਮਨ ਦੇ ਵਲਵਲਿਆਂ ਦਾ ਉਲੇਖ ਹੀ ਸੀ।

‘ਜੋ ਗੁਰੂ ਸਾਹਿਬ ਦਾ ਹੁਕਮ ਹੋਵੇਗਾ’

ਜੱਥੇਦਾਰ ਦੇ ਖੁਦ ਅਸਤੀਫਾ ਦੇਣ ਦੀਆਂ ਚਰਚਾਵਾਂ ਤੇ ਜਵਾਬ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜੇਕਰ ਅਜਿਹਾ ਸਮਾਂ ਆਉਂਦਾ ਹੈ ਤਾਂ ਉਹੀ ਹੋਵੇਗਾ ਜੋ ਗੁਰੂ ਸਾਹਿਬ ਦਾ ਹੁਕਮ ਹੋਵੇਗਾ।