‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ‘ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਖੁਸ਼ੀ ਵਾਲੀ ਗੱਲ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕੀਤਾ ਗਿਆ ਹੈ। ਸਾਡੀ ਚਿੰਤਾ ਇਹੀ ਸੀ ਕਿ ਅੰਦੋਲਨ ਵਿੱਚ ਕੁੱਝ ਧਿਰਾਂ ਅਜਿਹੀਆਂ ਵੀ ਸਨ ਜਿਹੜੀਆਂ ਸਿੱਖ ਸੋਚ, ਫਸਲਫੇ, ਸਿੱਖ ਇਤਿਹਾਸ, ਸ਼ਾਨ ਨੂੰ ਦਰਕਿਨਾਰ ਕਰ ਰਹੀਆਂ ਸਨ।
ਜਥੇਦਾਰ ਨੇ ਕਿਹਾ ਕਿ ਕੁੱਝ ਅਜਿਹੀਆਂ ਧਿਰਾਂ ਵੀ ਸਨ, ਜੋ ਕਿਸਾਨੀ ਦੇ ਇਸ ਮਸਲੇ ਨੂੰ ਸਿੱਖ v/s ਭਾਰਤ ਸਰਕਾਰ ਬਣਾਉਣ, ਸਿੱਖ v/s ਹਿੰਦੂ ਬਣਾਉਣ ਦਾ ਕੋਝਾ ਯਤਨ ਕਰ ਰਹੀਆਂ ਸਨ। ਜਥੇਦਾਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਕੁੱਝ ਧਿਰਾਂ ਇਸ ਤਰ੍ਹਾਂ ਦੀਆਂ ਵੀ ਸਨ, ਜੋ ਇਸ ਅੰਦੋਲਨ ਰਾਹੀਂ ਰਾਜਸੀ ਧਰਾਤਲ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਹੀਆਂ ਸਨ। ਇਸ ਅੰਦੋਲਨ ਦੌਰਾਨ ਕੁੱਝ ਜਾਨਾਂ ਗਈਆਂ ਹਨ, ਜਿਸਦਾ ਹਮੇਸ਼ਾ ਅਫਸੋਸ ਰਹੇਗਾ। ਇਸ ਅੰਦੋਲਨ ਵਿੱਚ ਜੇ ਕਿਸੇ ਦਾ ਪੈਸਾ ਖਰਚ ਹੋਇਆ ਹੈ ਤਾਂ ਉਹ ਸਿੱਖਾਂ, ਵਿਦੇਸ਼ੀ ਸਿੱਖਾਂ ਦਾ ਪੈਸਾ ਖਰਚ ਹੋਇਆ ਹੈ।