ਸ੍ਰੀ ਅਨੰਦਪੁਰ ਸਾਹਿਬ : ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਅੱਜ ਆਪਣੀ ਸੇਵਾ ਸੰਭਾਲ ਲਈ ਹੈ। ਇਸ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਨਿਹੰਗ ਜਥੇਬੰਦੀਆਂ ਤੇ ਹੋਰ ਪੰਥਕ ਸ਼ਖਸੀਅਤਾਂ ਸ਼ਾਮਿਲ ਹੋਈਆਂ। ਇਸ ਮੌਕੇ ਗਿਆਨੀ ਸੁਲਤਾਨ ਸਿੰਘ ਨੂੰ ਦਸਤਾਰ ਭੇਂਟ ਕੀਤੀ ਗਈ। ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਵ ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਆਪਣੀ ਸੇਵਾ ਸੰਭਾਲੀ ਸੀ।
ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਥੇਦਾਰ ਸੁਲਤਾਨ ਸਿੰਘ ਨੂੰ ਜਥੇਦਾਰੀ ਦੀ ਸੇਵਾ ਸੌਂਪਣ ਦਾ ਐਲਾਨ ਕੀਤਾ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਥੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵਧਾਈ ਦਿੱਤੀ, ਉੱਥੇ ਹੀ ਪੰਜਾਬ ਸਰਕਾਰ ਉੱਤੇ ਵੀ ਨਿਸ਼ਾਨਾ ਕਸਿਆ। ਧਾਮੀ ਨੇ ਕਿਹਾ ਕਿ ਅੱਜ ਤੱਕ ਜੋ ਨਹੀਂ ਹੋਇਆ, ਉਹ ਮੌਜੂਦਾ ਸਰਕਾਰ ਨੇ ਕਰਕੇ ਦਿਖਾ ਦਿੱਤਾ ਹੈ।
ਚੁਣੌਤੀਆਂ ਹਮੇਸ਼ਾ ਆਉਂਦੀਆਂ ਹਨ, ਜਿਸ ਨੂੰ ਸਿੰਘ ਸਾਹਿਬ ਹਮੇਸ਼ਾ ਪ੍ਰਵਾਨ ਕਰਦੇ ਹਨ। ਧਾਮੀ ਨੇ ਕਿਹਾ ਕਿ ਅਸੀਂ ਅਜਿਹੀਆਂ ਚੁਣੌਤੀਆਂ ਨਾਲ ਟਾਕਰਾ ਨਹੀਂ ਕਰਨਾ ਬਲਕਿ ਉਨ੍ਹਾਂ ਲਈ ਗੁਰੂ ਪਾਤਸ਼ਾਹ ਪਾਸੋਂ ਸੁਮੱਤ ਮੰਗਣੀ ਹੈ।