ਬਿਉਰੋ ਰਿਪੋਰਟ – ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ 1984 ਦੇ ਸ੍ਰੀ ਅਕਾਲ ਤਖਤ ਤੇ ਹੋਏ ਹਮਲੇ ਨੂੰ ‘ਤੀਜਾ ਘੱਲੂਘਾਰਾ’ ਕਰਾਰ ਦਿੱਤਾ ਹੈ । ਘੱਲ਼ੂਘਾਰੇ ਦੇ 40 ਸਾਲ ਪੂਰੇ ਹੋਣ ‘ਤੇ 1 ਜੂਨ ਤੋਂ 6 ਜੂਨ 2024 ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਸਮੁੱਚੇ ਖਾਲਸਾ ਪੰਥ ਨੂੰ ਆਦੇਸ਼ ਦਿੱਤਾ ਗਿਆ ਹੈ।
ਜੂਨ 1984 ਦੇ ਘੱਲੂਘਾਰੇ ਦੀ 40 ਸਾਲਾ ਯਾਦ ਸਬੰਧੀ 5 ਸਿੰਘ ਸਾਹਿਬਾਨਾਂ ਦਾ ਕੌਮ ਨੂੰ ਆਦੇਸ਼ pic.twitter.com/MQPcQSz8d7
— Shiromani Gurdwara Parbandhak Committee (@SGPCAmritsar) May 18, 2024
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਪਣੀ ਫੌਜ ਰਾਹੀਂ 1 ਜੂਨ ਤੋਂ 6 ਜੂਨ 1984 ਤੱਕ ਰੂਹਾਨੀਅਤ ਦੇ ਕੇਂਦਰ ਤੇ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨੂੰ ਤੋਪਾਂ-ਟੈਂਕਾਂ ਦੇ ਗੋਲਿਆਂ ਦਾ ਨਿਸ਼ਾਨਾ ਬਣਾਇਆ । ਇਸ ਦੇ ਨਾਲ ਸ੍ਰੀ ਦਰਬਾਰ ਸਾਹਿਬ ਸਮੇਤ 37 ਹੋਰ ਗੁਰਧਾਮਾਂ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਸਮੁੱਚੀ ਸਿੱਖ ਕੌਮ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸਾਲ ਜੂਨ ਮਹੀਨੇ 40ਵਾਂ ਘੱਲੂਘਾਰਾ ਦਿਹਾੜਾ ਵੱਡੇ ਪੱਧਰ ’ਤੇ ਮਨਾਉਂਦਿਆਂ 1 ਜੂਨ ਤੋਂ 6 ਜੂਨ ਤੱਕ ‘ਸ਼ਹੀਦੀ ਸਪਤਾਹ’ ਮਨਾਇਆ ਜਾਵੇ।
ਜਥੇਦਾਰ ਸਾਹਿਬ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਦੇਸ਼-ਵਿਦੇਸ਼ ਦੇ ਹਰੇਕ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾ ਕੇ ਜੂਨ 1984 ਦੇ ਘੱਲੂਘਾਰੇ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੂਨ 1984 ਸਮੇਂ,ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਨੂੰ ਦਰਸਾਉਂਦੀਆਂ ਤਸਵੀਰਾਂ, ਨਵੰਬਰ 1984 ਵਿਚ ਦਿੱਲੀ,ਕਾਨਪੁਰ ਅਤੇ ਬੋਕਾਰੋ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਸਰਕਾਰੀ ਸਰਪ੍ਰਸਤੀ ਹੇਠ ਕੀਤੀ ਗਈ ਸਿੱਖ ਨਸਲਕੁਸ਼ੀ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਹਰੇਕ ਗੁਰਦੁਆਰਾ ਸਾਹਿਬ ਵਿਖੇ ਲਗਾਈ ਜਾਵੇ । ਇਸ ਦੇ ਪਿੱਛੇ ਮਕਸਦ ਹੈ ਕਿ ਕਿ ਸੰਗਤਾਂ ਨੂੰ ਭਾਰਤੀ ਹਕੂਮਤ ਵੱਲੋਂ ਸਿੱਖ ਕੌਮ ’ਤੇ ਕੀਤੇ ਗਏ ਜੁਲਮਾਂ ਤੋਂ ਜਾਣੂ ਹੋ ਸਕਣ।