Punjab

ਰਾਜੋਆਣਾ ਦੇ 10 ਦਿਨਾਂ ਦੇ ਅਲਟੀਮੇਟਮ ਬਾਅਦ ਰਿਹਾਈ ਦੀਆਂ ਕੋਸ਼ਿਸ਼ਾਂ ਤੇਜ਼ !

ਬਿਉਰੋ ਰਿਪੋਰਟ : ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜ੍ਹਤਾਲ ਦੀ ਚਿਤਾਵਨੀ ਤੋਂ ਬਾਅਦ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਵਾਉਣ ਦੀ ਕੋਸ਼ਸ਼ਾਂ ਤੇਜ਼ ਹੋ ਗਈਆਂ ਹਨ । ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਤਨ ਤੇਜ ਕਰਨ ਦੇ ਨਿਰਦੇਸ਼ ਦਿੱਤੇ ਹਨ । ਜਥੇਦਾਰ ਸਾਹਿਬ ਨੇ ਰਾਜਪਾਲ ਵੱਲੋਂ ਵੋਟਾਂ ਰਾਹੀਂ ਚੁਣੀ ਹੋਈ SGPC ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮਿਲਣ ਦਾ ਸਮਾਂ ਨਾ ਦੇਣ ਨੂੰ ਵੱਡੀ ਨਾ ਇਨਸਾਫੀ ਦੱਸਿਆ ਹੈ ।

ਸਿੰਘ ਸਾਹਿਬ ਨੇ ਕਿਹਾ ਕਿ ਦੇਸ਼ ਦੀ ਅਜਾਦੀ ਲਈ ਵੱਡੀਆਂ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨਾਲ ਸਰਕਾਰਾਂ ਵੱਲੋਂ ਅਜਿਹੇ ਕੀਤੇ ਜਾ ਰਹੇ ਵਿਹਾਰ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ। ਬਲਵੰਤ ਸਿੰਘ ਰਾਜੋਆਣਾ ਦੇ ਕੇਸ ’ਤੇ ਕੇਂਦਰ ਸਰਕਾਰ ਜਲਦ ਤੋਂ ਜਲਦ ਰਿਹਾਈ ਦਾ ਐਲਾਨ ਕਰੇ ਅਤੇ ਲੰਮੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਕੌਮੀ ਯੋਧਿਆਂ ਨੂੰ ਤੁਰੰਤ ਰਿਹਾਅ ਕਰਕੇ ਸਿੱਖ ਕੌਮ ਦੇ ਹਿਰਦਿਆਂ ਨੂੰ ਸ਼ਾਂਤ ਕਰੇ, ਇਸੇ ਵਿਚ ਹੀ ਦੇਸ਼ ਦੀ ਭਲਾਈ ਹੈ ਕਿਉਂਕਿ ਸਿੱਖਾਂ ਨੇ ਦੇਸ਼ ਦੀ ਹਰ ਮੁਸ਼ਕਲ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਾਲ 2012 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਆਦੇਸ਼ ਕੀਤਾ ਗਿਆ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਹਰ ਸੰਭਵ ਯਤਨ ਕੀਤੇ ਜਾਣ। ਤਾਂਕੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਅਤੇ ਪਿਛਲੇ ਸੰਘਰਸ਼ ਦੌਰਾਨ ਜੇਲ੍ਹਾਂ ਵਿਚ ਬੰਦ ਲੰਮੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਕੌਮੀ ਯੋਧਿਆਂ ਨੂੰ ਤੁਰੰਤ ਰਿਹਾਅ ਕਰਵਾਇਆ ਜਾ ਸਕੇ।

ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਲਿਖਿਆ ਸੀ ਪੱਤਰ

7 ਨਵੰਬਰ ਨੂੰ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਭੈਣ ਦੇ ਜਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕਰਕੇ ਕਹਿਣ ਕਿ ਉਹ ਸੁਪਰੀਮ ਕੋਰਟ ਤੋਂ ਉਨ੍ਹਾਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਵਾਪਸ ਲੈਣ ਨਹੀਂ ਤਾਂ ਉਹ 7 ਤੋਂ 10 ਦਿਨਾਂ ਦੇ ਅੰਦਰ ਭੁੱਖ ਹੜ੍ਹਤਾਲ ‘ਤੇ ਬੈਠ ਜਾਣਗੇ । ਰਾਜੋਆਣਾ ਨੇ ਕਿਹਾ ਸੀ ਕਿ ਉਹ 28 ਸਾਲਾਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਿਹੇ ਹਨ ਅਤੇ ਪਿਛਲੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਕਿਸੇ ਵਿਅਕਤੀ ਨੂੰ ਅਗਰ ਆਪਣੀ ਅਪੀਲ ਵਾਪਸ ਕਰਵਾਉਣ ਲਈ ਭੁੱਖ ਹੜਤਾਲ ਕਰਨੀ ਪਵੇ ਤਾਂ ਇਹ ਹੋਰ ਵੀ ਅਫ਼ਸੋਸਨਾਕ ਹੋਵੇਗਾ। ਇਹ ਸਾਰੀ ਜਿੰਮੇਵਾਰੀ ਤੁਹਾਡੀ ਹੋਵੇਗੀ। ਤੁਸੀਂ ਚੁੱਪ ਬੈਠ ਕੇ ਆਪਣੇ ਬਣਦੇ ਫਰਜ਼ਾਂ ਤੋਂ ਨਾ ਭੱਜਣਾ, ਸਗੋਂ ਇਸ ਮੁੱਦੇ ਤੇ ਕਾਰਵਾਈ ਕਰਕੇ ਆਪਣੇ ਬਣਦੇ ਪੰਥਕ ਫਰਜ਼ ਅਦਾ ਕਰਨਾ।

ਰਾਜੋਆਣਾ ਨੇ ਆਪਣੀ ਚਿੱਠੀ ਵਿੱਚ ਕਿਹਾ ਸੀ ਕਿ ਸਿੰਘ ਸਾਹਿਬ ਜੀ, ਗੁਰੂ ਸਾਹਿਬਾਨ ਜੀ ਵੱਲੋਂ ਦਿਖਾਏ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਨ ਵਾਲਾ ਮੈਂ ਇੱਕ ਆਮ ਸਿੱਖ ਹਾਂ। ਰਾਜਨੀਤੀ ਦੀਆਂ ਚਾਲਬਾਜ਼ੀਆਂ, ਧੋਖੇਬਾਜੀਆਂ, ਮੌਕਾਪ੍ਰਸਤੀਆਂ ,ਸਾਜਿਸ਼ਾਂ ਮੇਰੇ ਜੀਵਨ ਦਾ ਹਿੱਸਾ ਨਹੀਂ ਹਨ। ਮੈਂ ਤਾਂ ” ਹਾਂ ਜਾਂ ਨਾਂਹ” ਵਿੱਚ ਵਿਸ਼ਵਾਸ ਰੱਖਦਾ ਹਾਂ। ਮੈਂ ਰਾਜਨੀਤੀ ਦੀਆਂ ਇਨ੍ਹਾਂ ਸਾਜਿਸ਼ਾਂ, ਧੋਖੇਬਾਜੀਆਂ, ਚਾਲਬਾਜ਼ੀਆਂ, ਮੌਕਾਪ੍ਰਸਤੀਆਂ ਤੋਂ ਮੁਕਤੀ ਚਾਹੁੰਦਾ ਹਾਂ। “ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਜ ੇ ਆਦੇਸ਼ ਤੇ ਪਾਈ ਇਸ ਅਪੀਲ ‘ਤੇ 12 ਸਾਲਾਂ ਬਾਅਦ ਵੀ ਕੋਈ ਫੈਸਲਾ ਨਹੀਂ ਕਰਵਾ ਸਕੇ। ਕਹਿੰਦੇ ਹਨ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਹੂਟਰ ਮਾਰਦੇ ਫਿਰਦੇ, ਆਪਣੇ ਆਪ ਨੂੰ ਬਹੁਤ ਹੀ ਵੱਡੇ ਧਾਰਮਿਕ ਅਤੇ ਪੰਥਕ ਆਗੂ ਹੋਣ ਦੀ ਫੀਲਿੰਗ ਲੈਣ ਵਾਲੇ, ਸਾਡੇ ਇਨ੍ਹਾਂ ਆਗੂਆਂ ਦੀ, ਇਨ੍ਹਾਂ ਵੱਲੋਂ ਕਹੀ ਹੋਈ ਕਿਸੇ ਗੱਲ ਦੀ ਅਤੇ ਇਨ੍ਹਾਂ ਵੱਲੋਂ ਕੀਤੀ ਗਈ ਕਿਸੇ ਮੰਗ ਦੀ ਦਿੱਲੀ ਦੇ ਹੁਕਮਰਾਨਾਂ ਦੀ ਨਜ਼ਰ ਵਿੱਚ ਰੂੜੀ ਜਿੰਨੀ ਵੀ ਅਹਿਮੀਅਤ ਨਹੀਂ ਹੈ।