ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਵ ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਅੱਜ ਉਨ੍ਹਾਂ ਦੇ ਅਹੁਦਾ ਸੰਭਾਲਣ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਗੁਰਮਿਤ ਸਮਾਗਮ ਰੱਖਿਆ ਗਿਆ, ਜਿਸ ਵਿੱਚ ਪੰਥਕ ਸ਼ਖਸੀਅਤਾਂ, ਨਿਹੰਗ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਗੁਰਮਤਿ ਟਕਸਾਲਾਂ ਸਮੇਤ ਸੰਗਤ ਸ਼ਾਮਿਲ ਹੋਈ।
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੱਖ ਵੱਖ ਜਥੇਬੰਦੀਆਂ, ਪੰਥਕ ਸ਼ਖਸੀਅਤਾਂ, ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਵੱਲੋਂ ਦਸਤਾਰ ਭੇਂਟ ਕੀਤੀ ਗਈ।
ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵਧਾਈ ਦਿੱਤੀ। ਧਾਮੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਤੁਹਾਨੂੰ ਚੁਣੌਤੀਆਂ ਨਾਲ ਲੜਨ ਦੀ ਤਾਕਤ ਬਖਸ਼ਣ।
ਕੌਮ ਸਾਹਮਣੇ ਦਰਪੇਸ਼ ਮੁਸ਼ਕਿਲਾਂ ਵਿਚਾਲੇ SGPC ਨੇ ਲੰਮੇ ਸਮੇਂ ਬਾਅਦ ਗਿਆਨੀ ਰਘਬੀਰ ਸਿੰਘ ਦੇ ਰੂਪ ਵਿੱਚ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਪੱਕਾ ਜਥੇਦਾਰ ਸੌਂਪਿਆ ਹੈ । ਜਥੇਦਾਰ ਰਘਬੀਰ ਸਿੰਘ ਦੇ ਸਾਹਮਣੇ ਬੇਅਦਬੀ ਖਿਲਾਫ ਸਖਤ ਫੈਸਲੇ,ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਿੱਖ ਕੌਮ ਦੀ ਅਗਵਾਈ, ਪੰਥਕ ਏਕੇ ਅਤੇ ਆਪਣੇ ਆਪ ਨੂੰ ਪੱਖਪਾਤ ਅਤੇ ਸਿਆਸੀ ਟੈੱਗ ਤੋਂ ਬਚਾਉਣ ਵਰਗੀਆਂ ਵੱਡੀਆਂ ਚੁਣੌਤੀਆਂ ਹਨ ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਗਿਆਨੀ ਰਘਬੀਰ ਸਿੰਘ ਸ੍ਰੀ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ 1989 ’ਚ ਪਾਠੀ ਸਿੰਘ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ 1995 ਤੱਕ ਵੱਖ-ਵੱਖ ਅਸਥਾਨਾਂ ’ਤੇ ਸੇਵਾ ਨਿਭਾਈ। ਜਥੇਦਾਰ ਗਿਆਨੀ ਰਘਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਅਖੰਡ ਪਾਠੀ ਵਜੋਂ ਸੇਵਾ ਕਰਦੇ ਰਹੇ। ਤਕਰੀਬਨ 9 ਸਾਲ 1995 ਤੋਂ 2014 ਤੱਕ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਦੀ ਸੇਵਾ ਨਿਭਾਈ ।
ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਲਦੇਵ ਸਿੰਘ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਲਹਿਰ ਦਾ ਮੁਖੀ ਬਣਾਇਆ ਸੀ,ਉਨ੍ਹਾਂ ਦੇ ਨਾਲ ਵੀ ਗਿਆਨੀ ਰਘਵੀਰ ਸਿੰਘ ਨੇ ਲੰਬਾ ਸਮਾਂ ਸਹਾਇਕ ਵਜੋਂ ਸੇਵਾ ਨਿਭਾਈ। 21 ਅਪ੍ਰੈਲ 2014 ਨੂੰ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਗ੍ਰੰਥੀ ਸੇਵਾ ਦਿੱਤੀ ਗਈ । ਗ੍ਰੰਥੀ ਦੀ ਸੇਵਾ ਨਿਭਾਉਣ ਦੇ 3 ਸਾਲ ਬਾਅਦ 24 ਅਗਸਤ 2017 ਨੂੰ ਗਿਆਨੀ ਰਘਬੀਰ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ-ਸੰਭਾਲ ਦਿੱਤੀ ਗਈ।
ਗਿਆਨੀ ਰਘਬੀਰ ਸਿੰਘ ਨੂੰ ਹੁਣ 16 ਜੂਨ 2023 ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਵੀ ਸੇਵਾ ਨਿਭਾਉਣਗੇ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਦੀ ਜ਼ਿੰਮੇਵਾਰੀ ਗਿਆਨੀ ਸੁਲਤਾਨ ਸਿੰਘ ਨੂੰ ਸੌਂਪੀ ਗਈ ਹੈ । ਇਸ ਵੇਲੇ ਉਹ ਸੱਚ ਖੰਡ ਸ੍ਰੀ ਹਰਮਿੰਦਰ ਸਾਹਿਬ ਵਿੱਚ ਗ੍ਰੰਥੀ ਸਿੰਘ ਵੱਜੋਂ ਸੇਵਾ ਨਿਭਾ ਰਹੇ ਹਨ ਅਤੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਉਹ ਇਹ ਵੀ ਸੇਵਾ ਨਿਭਾਉਂਦੇ ਰਹਿਣਗੇ । ਗਿਆਨੀ ਸੁਲਤਾਨ ਸਿੰਘ 2008 ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਨਿਯੁਕਤ ਹੋਏ ਸਨ । 2015 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਨੇ ਅਰਦਾਸੀਆ ਵਜੋਂ ਸੇਵਾ ਸੰਭਾਲੀ ।
ਫਿਰ 6 ਸਾਲ ਬਾਅਦ ਉਨ੍ਹਾਂ ਦੀ 2021 ਵਿੱਚ ਸ੍ਰੀ ਹਰਮਿੰਦਰ ਸਾਹਿਬ ਦੇ ਗ੍ਰੰਥੀ ਵਜੋਂ ਨਿਯੁਕਤੀ ਹੋਏ ਸੀ। ਹੁਣ 2 ਸਾਲ ਬਾਅਦ ਉਨ੍ਹਾਂ ਨੂੰ SGPC ਦੀ ਅੰਤ੍ਰਿੰਗ ਕਮੇਟੀ ਨੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ।