ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਚ ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਦੀ ਦੇਰ ਰਾਤ ਮਾਨਸਾ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ। ਜਸਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਲਿਜਾਣ ਲਈ ਹਾਲੇ ਤੱਕ ਕੋਈ ਪਰਿਵਾਰਕ ਮੈਂਬਰ ਨੇ ਪੁਲਿਸ ਨਾਲ ਸੰਪਰਕ ਨਹੀਂ ਕੀਤਾ ਹੈ।
ਦੂਜੇ ਬੰਨੇ ਇਸ ਮਾਮਲੇ ਨੂੰ ਲੈ ਕੇ ਸਿੱਖ ਜਗਤ ਵਿੱਚ ਹਾਲੇ ਤੱਕ ਭਾਰੀ ਰੋਸ ਹੈ ਇਸ ਗੱਲ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸਿੱਖ ਸੰਗਤ ਵੱਲੋਂ ਮੋਰਿੰਡਾ ਸਮੇਤ ਸੂਬੇ ਭਰ ਵਿੱਚ ਕਿਸੇ ਵੀ ਥਾਂ ‘ਤੇ ਜਸਵੀਰ ਸਿੰਘ ਦੇ ਸਸਕਾਰ ਕਰਨ ਦਾ ਬਾਈਕਾਟ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ ਹੈ।
ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੋਈ ਵਿਅਕਤੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਅਕੀਦਾ ਰੱਖਦਾ ਹੈ, ਉਹ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਦੀਆਂ ਅੰਤਿਮ ਰਸਮਾਂ ‘ ਚ ਹਿੱਸਾ ਨਾ ਲਵੇ।
ਗਿਆਨੀ ਰਘਬੀਰ ਸਿੰਘ ਨੇ ਵੀਡੀਓ ਜਾਰੀ ਕਰਕੇ ਸੰਗਤ ਨੂੰ ਅਪੀਲ ਕੀਤੀ ਕੀ ਇਸ ਬੇਅਦਬੀ ਕਾਂਡ ਦੇ ਦੋਸ਼ੀ ਦੀਆਂ ਅੰਤਿਮ ਰਸਮਾਂ ਦੇ ਵਿਚ ਸੰਗਤ ਹਿੱਸਾ ਨਾ ਲਏ ਤੇ ਨਾਲ ਹੀ ਗੁਰੂ ਘਰਾਂ ਦੇ ਪਾਠੀ ਸਿੰਘ ਤੇ ਰਾਗੀ ਸਿੰਘ ਵੀ ਸੇਵਾਵਾਂ ਨਾ ਦੇਣ। ਉਨ੍ਹਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਦੋਸ਼ੀ ਨਮਿੱਤ ਪਾਠ ਰੱਖਣ ਲਈ ਕੋਈ ਵੀ ਗੁਰੂਘਰ ਸਾਹਿਬਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਾ ਦੇਣ।