ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2 ਦਸੰਬਰ 2024 ਨੂੰ ਅਕਾਲ ਤਖ਼ਤ ਤੋਂ ਲਾਈ ਗਈ ਤਨਖਾਹ ਨੂੰ ‘ਸਾਜਿਸ਼’ ਆਖਣ ਉੱਤੇ ਤਿੱਖੀ ਚੁਣੌਤੀ ਦਿੱਤੀ ਹੈ।
ਇੱਕ ਵੀਡੀਓ ਜਾਰੀ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜੇਕਰ ਇਸ ਫ਼ੈਸਲੇ ਨੂੰ ਸਾਜਿਸ਼ ਮੰਨਦੇ ਹਨ ਤਾਂ ਉਹ ਆਪਣੇ ਪਰਿਵਾਰ ਸਮੇਤ ਕਿਸੇ ਵੀ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਾਜ਼ਰ ਹੋਣ। ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਤੇ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਆਪਣੇ ਲਾਏ ਗਏ ਦੋਸ਼ਾਂ ਨੂੰ ਸੰਗਤ ਦੇ ਸਾਹਮਣੇ ਸਾਬਤ ਕਰਨ। ਜੇ ਉਹ ਇਸ ਨੂੰ ਸਾਬਤ ਕਰ ਦਿੰਦੇ ਹਨ ਤਾਂ ਉਹ ਖੁਦ ਪੰਥ ਵੱਲੋਂ ਦਿੱਤੀ ਜਾਣ ਵਾਲੀ ਕਿਸੇ ਵੀ ਸਜ਼ਾ ਨੂੰ ਖਿੜੇ ਮੱਥੇ ਕਬੂਲਣ ਲਈ ਤਿਆਰ ਹਨ।
ਸਾਬਕਾ ਜਥੇਦਾਰ ਨੇ ਸਪੱਸ਼ਟ ਕੀਤਾ ਕਿ 2 ਦਸੰਬਰ 2024 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਸੰਗਤ ਦੀ ਹਾਜ਼ਰੀ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਲਾਈ ਗਈ ਤਨਖਾਹ ਨੂੰ ਸਾਜਿਸ਼ ਕਰਾਰ ਦੇਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪਰੰਪਰਾਵਾਂ ਅਤੇ ਮਰਿਆਦਾ ਦੀ ਘੋਰ ਉਲੰਘਣਾ ਹੈ। ਉਨ੍ਹਾਂ ਯਾਦ ਕਰਵਾਇਆ ਕਿ ਉਸ ਦਿਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਖਿਲਾਫ਼ ਸੰਗਤ ਵੱਲੋਂ ਲਾਏ ਗਏ ਦੋਸ਼ਾਂ ਨੂੰ ਖੁਦ ਕਬੂਲ ਕੀਤਾ ਸੀ। ਇਸੇ ਆਧਾਰ ਉੱਤੇ ਪੰਜ ਸਿੰਘ ਸਾਹਿਬਾਨ ਨੇ ਤਨਖਾਹ ਲਾਈ ਸੀ, ਜਿਸ ਨੂੰ ਸੁਖਬੀਰ ਬਾਦਲ ਨੇ ਆਪਣੇ ਸਿਰ ਮੱਥੇ ਟੇਕ ਕੇ ਪੂਰਾ ਵੀ ਕੀਤਾ ਸੀ।
ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਹੁਣ ਸਮਾਂ ਲੰਘਣ ਤੋਂ ਬਾਅਦ ਇਸ ਫੈਸਲੇ ਨੂੰ ਸਾਜਿਸ਼ ਦੱਸਣਾ ਬਿਲਕੁਲ ਜਾਇਜ਼ ਨਹੀਂ ਹੈ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਉਸ ਵੇਲੇ ਉਨ੍ਹਾਂ ਵੱਲੋਂ ਲਾਈ ਗਈ ਤਨਖਾਹ ਕਿਸੇ ਨਿੱਜੀ ਰੰਜਿਸ਼ ਤਹਿਤ ਨਹੀਂ ਸੀ, ਸਗੋਂ ਪੰਥਕ ਮਰਿਆਦਾ ਅਤੇ ਸੰਗਤ ਵੱਲੋਂ ਉਠਾਏ ਗਏ ਮੁੱਦਿਆਂ ਉੱਤੇ ਹੀ ਲਾਈ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਰਗੀ ਉੱਚੀ ਧਾਰਮਿਕ ਅਜ਼ਮਤ ਵਾਲੀ ਥਾਂ ਉੱਤੇ ਲਿਆ ਗਿਆ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਲਿਆ ਗਿਆ ਸੀ, ਇਸ ਲਈ ਇਸ ਨੂੰ ਸਾਜਿਸ਼ ਆਖ ਕੇ ਘਟਾਉਣਾ ਠੀਕ ਨਹੀਂ। ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਖੁਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਬਿਆਨ ਨੂੰ ਸਾਬਤ ਕਰਨ ਲਈ ਅਕਾਲ ਤਖ਼ਤ ਉੱਤੇ ਹਾਜ਼ਰ ਹੋਣ ਅਤੇ ਸੰਗਤ ਅੱਗੇ ਆਪਣੀ ਗੱਲ ਰੱਖਣ।
ਦੱਸਣਯੋਗ ਹੈ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਤੋਂ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਤਨਖਾਹ ਲਾਉਣ ਵਾਲੇ ਸਾਰੇ ਪ੍ਰਮੁੱਖ ਜਥੇਦਾਰ ਇਸ ਵੇਲੇ ਆਪਣੇ ਉਨ੍ਹਾਂ ਅਹੁਦਿਆਂ ਤੇ ਨਹੀਂ ਰਹੇ ਹਨ। ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਜੋ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਤੇ ਹੋਰਨਾ ਖ਼ਿਲਾਫ਼ ਤਨਖਾਹ ਲਾਉਣ ਵਾਲੇ ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਿਲ ਸਨ, ਇਸ ਵੇਲੇ ਆਪਣੇ ਇਹਨਾ ਅਹੁਦਿਆਂ ਤੋ ਫਾਰਿਗ ਕੀਤੇ ਜਾ ਚੁੱਕੇ ਹਨ।

