Punjab Religion

ਅਕਾਲ ਤਖਤ ਦੇ ਜਥੇਦਾਰ ਅੱਜ ਗਿਆਨੀ ਹਰਪ੍ਰੀਤ ਸਿੰਘ ਨਾਲ ਕਰਨਗੇ ਮੁਲਾਕਾਤ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅੱਜ ਤਲਵੰਡੀ ਸਾਬੋ ਪੁੱਜ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰ ਕੇ ਉਹਨਾਂ ਖਿਲਾਫ ਉਹਨਾਂ ਦੇ ਸਾਂਢੂ ਵੱਲੋਂ ਦੋਸ਼ ਲਾਉਣ ਦੇ ਮਾਮਲੇ ਦੀ ਜਾਂਚ ਤਿੰਨ ਮੈਂਬਰੀ ਕਮੇਟੀ ਨੂੰ ਸੌਂਪ ਦਿੱਤੀ ਸੀ।

ਬੀਤੇ ਦਿਨ ਜਥੇਦਾਰ ਅਕਾਲ ਤਖਤ ਨੇ ਇਸ ਜਾਂਚ ’ਤੇ ਇਤਰਾਜ਼ ਕਰਦਿਆਂ ਜਾਂਚ ਅਕਾਲ ਤਖਤ ਨੂੰ ਸੌਂਪਣ ਦੀ ਮੰਗ ਕੀਤੀ ਸੀ ਤੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ ਮੁਕਤ ਵੀ ਕਰਾਰ ਦਿੱਤਾ ਗਿਆ ਸੀ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਡਾ. ਦਲਜੀਤ ਸਿੰਘ ਚੀਮਾ ਬੁੱਧਵਾਰ ਨੂੰ ਅੱਜ ਜਥੇਦਾਰ ਰਘਬੀਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਨਗੇ।

ਇਸ ਮੌਕੇ ਉਹ ਅਕਾਲੀ ਦਲ ਦੇ ਆਗੂਆਂ ਵੱਲੋਂ ਦਿੱਤੇ ਗਏ ਅਸਤੀਫਿਆਂ ਉਤੇ ਚਰਚਾ ਕਰਨਗੇ। 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਸਬੰਧੀ ਹੋਏ ਫੈਸਲੇ ਵਿਚ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਸੀ ਕਿ ਪ੍ਰਧਾਨ ਸਮੇਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ, ਉਹ ਤਿੰਨ ਦਿਨਾਂ ਦੇ ਅੰਦਰ-ਅੰਦਰ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣਕਾਰੀ ਭੇਜੀ ਜਾਵੇ।