ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ SGPC ਵੱਲੋਂ ਬਣਾਈ ਜਾਂਚ ਕਮੇਟੀ ’ਤੇ ਇਤਰਾਜ਼ ਜਤਾਇਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਜਾਂਚ ਤੋਂ ਨਾਰਾਜ ਨਜ਼ਰ ਆਏ। ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਨੇ ਕਿਹਾ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਹੀ ਕਰ ਸਕਦਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਜਾਂਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦੇਣੀ ਚਾਹੀਦੀ ਹੈ।
ਜਥੇਦਾਰ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿਚ ਆਪ ਕਿਹਾ ਹੈ ਕਿ ਉਹਨਾਂ ਖਿਲਾਫ ਜੋ ਦੋਸ਼ ਲਗਾਏ ਗਏ ਹਨ, ਉਹ ਝੂਠੇ ਹਨ ਤੇ ਉਹਨਾਂ ਅਜਿਹਾ ਕੋਈ ਗੁਨਾਹ ਨਹੀਂ ਕੀਤਾ। ਉਹਨਾਂ ਕਿਹਾ ਕਿ ਅਜਿਹੇ ਵਿਚ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਹੋਰ ਜਾਂਚ ਦੀ ਕੋਈ ਤੁੱਕ ਨਹੀਂ ਬਣਦੀ।
ਉਨ੍ਹਾਂ ਨੇ ਕਿਹਾ ਕਿ ਜਥੇਦਾਰਾਂ ਦੀ ਪੜਤਾਲ ਦਾ ਅਧਿਕਾਰ SGPC ਨੂੰ ਨਹੀਂ ਹੈ, ਇਹ ਹੱਕ ਸਿਰਪ ਅਤੇ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੈ। ਉਨ੍ਹਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਖ਼ਿਲਾਫ਼ ਅਣਉਚਿਤ ਜਾਂਚ ਕੀਤੀ ਗਈ ਹੈ ਅਤੇ SGPC ਨੂੰ ਇਹ ਜਾਂਚ ਸਾਨੂੰ ਸੌਂਪ ਦੇਣੀ ਚਾਹੀਦੀ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਕੋਈ ਪੜਤਾਲ ਨਹੀਂ ਬਣਦੀ ਕਿਉਂਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਖੜ੍ਹ ਕੇ ਕਿਹਾ ਹੈ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਸੁਖਬੀਰ ਬਾਦਲ ਦੇ ਅਸਤੀਫ਼ੇ ’ਤੇ ਬੋਲਦਿਆਂ SGPC ਨੂੰ ਹੁਕਮ ਦਿੱਤੇ ਹਨ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਫੈਸਲੇ ਨੂੰ ਅਕਾਲੀ ਦਲ ਤੁਰੰਤ ਲਾਗੂ ਕਰੇ।
ਜਥੇਦਾਰ ਨੇ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਆਗੂਆਂ ਦੇ ਅਸਤੀਫੇ ਤਿੰਨ ਦਿਨਾਂ ਵਿਚ ਪ੍ਰਵਾਨ ਕਰਨ ਦੇ ਹੁਕਮ ਸੁਣਾਏ ਸਨ ਪਰ ਇਕ ਮਹੀਨੇ ਤੋਂ ਵੱਧ ਸਮਾਂ ਬੀਤਣ ’ਤੇ ਵੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਸਤੀਫੇ ਪ੍ਰਵਾਨ ਨਹੀਂ ਕੀਤੇ। ਜਥੇਦਾਰ ਨੇ ਕਿਹਾ ਕਿ ਅਕਾਲੀ ਦਲ ਨੂੰ ਆਨਾ ਕਾਨੀ ਨਹੀਂ ਕਰਨੀ ਚਾਹੀਦੀ, ਤੁਰੰਤ ਫੈਸਲਾ ਲਾਗੂ ਕਰਨਾ ਚਾਹੀਦਾ ਹੈ।
ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਜੱਥੇਦਾਰ ਨੇ ਕਿਹਾ ਕਿ ਸਰਕਾਰਾਂ ਨੂੰ ਆਪਣੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਕਿਸਾਨ ਲਗਾਤਾਰ ਮੀਂਹ ਹਨੇਰੀ ਵਿੱਚ ਵੀ ਆਪਣੀਆਂ ਮੰਗਾਂ ਨੂੰ ਲੈਕੇ ਬੈਠੇ ਹੋਏ ਹਨ। ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਸੁਣੇ ਤਾਂ ਜੋ ਕਿਸਾਨ ਜਲਦੀ ਆਪਣੇ ਘਰ ਵਾਪਿਸ ਆ ਸਕਣ।