ਸਰਦਾਰ ਜੀ-3 ਨੂੰ ਲੈ ਕੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਵਿਰੋਧ ਹੋ ਰਿਹਾ ਹੈ। ਜਿੱਥੇ ਭਾਜਪਾ ਲੀਡਰਸ਼ਿਪ ਦਿਲਜੀਤ ਦੁਸਾਂਝ ਦੇ ਹੱਕ ਵਿੱਚ ਆ ਗਈ ਹੈ ਉਥੇ ਹੀ ਕੁਝ ਅਖੌਤੀ ਦੇਸ਼ ਭਗਤ ਇਸ ਵੇਲੇ ਦਲਜੀਤ ਦੇ ਖਿਲਾਫ ਜ਼ਹਿਰ ਉਗਲ ਰਹੇ ਹਨ। ਦਲਜੀਤ ਦੋਸਾਂਝ ਦੇ ਹੱਕ ਵਿੱਚ ਬਿਆਨ ਦਿੰਦਿਆਂ ਹੋਇਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ, ਦਿਲਜੀਤ ਦੋਸਾਂਝ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਸ਼ਵ ਭਰ ਵਿੱਚ ਸਿਰ ਉੱਚਾ ਕੀਤਾ ਹੈ।
ਪਾਕਿਸਤਾਨੀ ਅਦਾਕਾਰਾ ਦੀ ਦਲਜੀਤ ਦੁਸਾਂਝ ਦੀ ਫਿਲਮ ਵਿੱਚ ਐਂਟਰੀ ਨੂੰ ਲੈ ਕੇ ਹੋ ਰਹੇ ਵਿਰੋਧ ਤੇ ਜਥੇਦਾਰ ਗੜਗੱਜ ਨੇ ਆਖਿਆ ਕਿ ਹਵਾ ਵੀ ਦੋਵੇਂ ਪਾਸਿਓਂ ਤੋਂ ਆਉਂਦੀ ਹੈ, ਕੀ ਅਸੀਂ ਹਵਾ ਤੇ ਪੰਛੀਆਂ ਨੂੰ ਆਉਣ ਜਾਣ ਤੋਂ ਰੋਕ ਸਕਦੇ ਹਾਂ? ਦੁਨੀਆਂ ‘ਚ ਨਫਰਤ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ, ਕਿਸੇ ਦੀ ਆਜ਼ਾਦੀ ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ। ਹਮੇਸ਼ਾ ਪਿਆਰ ਭਾਈਚਾਰੇ ਦੀ ਵਕਾਲਤ ਹੋਣੀ ਚਾਹੀਦੀ ਹੈ।
ਇੱਧਰ ਦਲਜੀਤ ਦਾ ਪਾਕਿਸਤਾਨੀ ਅਦਾਕਾਰਾ ਨਾਲ ਫਿਲਮ ਬਣਾਉਣ ਨੂੰ ਲੈਕੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉੱਧਰ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੀ ਟੀਮ ਭਾਰਤ ਵਿਚ ਖੇਡਣ ਦੇ ਲਈ ਆਵੇਗੀ। ਦਲਜੀਤ ਮਸਲੇ ‘ਤੇ ਇਹ ਅਵਾਜ਼ਾਂ ਉਠੀਆਂ ਸਨ ਕਿ ਜੇਕਰ ਪਾਕਿਸਤਾਨ ਦਾ ਵਿਰੋਧ ਕਰਨਾ ਹੀ ਹੈ ਤਾਂ ਫੇਰ ਸਾਰੇ ਨਾਤੇ ਤੋੜ ਲਏ ਜਾਣ।
ਜਾਣਕਾਰੀ ਅਨੁਸਾਰ ਮੇਜ਼ਬਾਨ ਭਾਰਤ ਨੂੰ FIH ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਦੇ ਪੂਲ B ’ਚ ਰਵਾਇਤੀ ਵਿਰੋਧੀ ਪਾਕਿਸਤਾਨ, ਚਿਲੀ ਅਤੇ ਸਵਿਟਜ਼ਰਲੈਂਡ ਦੇ ਨਾਲ ਰੱਖਿਆ ਗਿਆ ਸੀ, ਜੋ ਇਸ ਸਾਲ 28 ਨਵੰਬਰ ਤੋਂ 10 ਦਸੰਬਰ ਤਕ ਚੇਨਈ ਅਤੇ ਮਦੁਰਾਈ ਵਿਚ ਹੋਵੇਗਾ। ਹੁਣ ਪਾਕਿਸਤਾਨੀ ਜੂਨੀਅਰ ਹਾਕੀ ਟੀਮ ਭਾਰਤ ਖੇਡਣ ਦੇ ਲਈ ਆ ਸਕਦੀ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਦੇਖਣਾ ਹੋਵੇਗਾ ਕਿ ਕੀ ਉਸ ਟੀਮ ਦਾ ਵੀ ਪਾਕਿਸਤਾਨ ਦੀ ਹੋਣ ਕਰਕੇ ਵਿਰੋਧ ਹੋਵੇਗਾ ਇਹ ਵਿਰੋਧ ਦਲਜੀਤ ਵਰਗੇ ਕਲਾਕਾਰਾਂ ਤੱਕ ਹੀ ਸੀਮਿਤ ਹੈ।
ਸਿਮਰਨਜੀਤ ਸਿੰਘ ਮਾਨ
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਿਲਜੀਤ ਸਿੰਘ ਦੋਸਾਂਝ ਦੀ ਫ਼ਿਲਮ ‘ਸਰਦਾਰ ਜੀ 3’ ’ਤੇ ਲੱਗੀ ਰੋਕ ਦੀ ਸਖ਼ਤ ਨਿੰਦਾ ਕੀਤੀ ਹੈ, ਜੋ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਭੂਮਿਕਾ ਕਾਰਨ ਲਗਾਈ ਗਈ। ਮਾਨ ਨੇ ਕਿਹਾ ਕਿ ਫ਼ਿਲਮਾਂ ਕਲਾ ਅਤੇ ਕਾਰੋਬਾਰ ਦਾ ਹਿੱਸਾ ਹਨ ਅਤੇ ਅਦਾਕਾਰ ਸਿਰਫ਼ ਡਾਇਰੈਕਟਰ ਦੁਆਰਾ ਨਿਰਧਾਰਤ ਰੋਲ ਨਿਭਾਉਂਦੇ ਹਨ, ਨਾ ਕਿ ਰਾਜਨੀਤਿਕ ਜਾਂ ਧਾਰਮਿਕ ਏਜੰਡਾ।
ਉਨ੍ਹਾਂ ਨੇ ਦਿਲਜੀਤ ਦੀ ਸਿੱਖੀ, ਪੰਜਾਬੀਅਤ ਅਤੇ ਗੁਰਮੁਖੀ ਲਿਪੀ ਨੂੰ ਵਿਸ਼ਵ ਪੱਧਰ ’ਤੇ ਪ੍ਰਮੋਟ ਕਰਨ ਦੀ ਸ਼ਲਾਘਾ ਕੀਤੀ। ਮਾਨ ਨੇ ਦਿਲਜੀਤ ਦੀ ਫ਼ਿਲਮ ‘ਪੰਜਾਬ 95’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੇ 1984 ਦੀ ਸਿੱਖ ਨਸਲਕੁਸ਼ੀ ਦੇ ਦਰਦ ਨੂੰ ਵਿਖਾਇਆ ਹੈ। ਮਾਨ ਨੇ ਹਿੰਦੂਵਾਦੀ ਸੋਚ ’ਤੇ ਸਿੱਖੀ ਅਤੇ ਪੰਜਾਬੀ ਸਭਿਆਚਾਰ ਨੂੰ ਦਬਾਉਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਇਹ ਰੋਕ ਸਿੱਖੀ ਦੀ ਪਹਿਚਾਣ ’ਤੇ ਹਮਲਾ ਹੈ।